ਸੀਐਮ ਭਗਵੰਤ ਮਾਨ ਵੱਲੋਂ ਸਾਬਕਾ ਸੀਐਮ ਕੈਪਟਨ ਦੇ ਸ਼ਹਿਰ ਨੂੰ ਤੋਹਫਾ, ਪਟਿਆਲ਼ਾ ‘ਚ ਬਣੇਗਾ ‘ਪੰਜਾਬ ਐਵੀਏਸ਼ਨ ਮਿਊਜ਼ੀਅਮ’
ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਨੂੰ ਤੋਹਫਾ ਦਿੱਤਾ ਹੈ। ਪਟਿਆਲ਼ਾ ‘ਚ ‘ਪੰਜਾਬ ਐਵੀਏਸ਼ਨ ਮਿਊਜ਼ੀਅਮ’ ਬਣੇਗਾ।
Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਨੂੰ ਤੋਹਫਾ ਦਿੱਤਾ ਹੈ। ਪਟਿਆਲ਼ਾ ‘ਚ ‘ਪੰਜਾਬ ਐਵੀਏਸ਼ਨ ਮਿਊਜ਼ੀਅਮ’ ਬਣੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ‘ਪੰਜਾਬ ਐਵੀਏਸ਼ਨ ਮਿਊਜ਼ੀਅਮ’ ਬਣਾਉਣ ਲਈ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਇਸ ਕੰਮ ਲਈ ਲੋਕ ਨਿਰਮਾਣ ਵਿਭਾਗ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਮਿਊਜ਼ੀਅਮ ਸਿਵਲ ਏਅਰੋਡਰੋਮ, ਪਟਿਆਲਾ ਵਿਖੇ ਬਣਾਇਆ ਜਾਵੇਗਾ।
ਸਰਕਾਰੀ ਬੁਲਾਰੇ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹਿਰੀ ਹਵਾਬਾਜ਼ੀ ਖੇਤਰ ਵਿੱਚ ਸੂਬੇ ਦੇ ਇਤਿਹਾਸ ਨੂੰ ਦਰਸਾਉਣ ਦੇ ਉਦੇਸ਼ ਨਾਲ ਪਟਿਆਲਾ ਵਿਖੇ ‘ਪੰਜਾਬ ਏਵੀਏਸ਼ਨ ਮਿਊਜ਼ੀਅਮ’ ਸਥਾਪਤ ਕਰਨ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਵੱਲੋਂ ਇਸ ਸਬੰਧੀ ਫੈਸਲਾ ਪੰਜਾਬ ਰਾਜ ਸਿਵਲ ਏਵੀਏਸ਼ਨ ਕੌਂਸਲ ਦੀ ਤਜਵੀਜ਼ ਉਤੇ ਲਿਆ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰੀ ਹਵਾਬਾਜ਼ੀ ਖੇਤਰ ਵਿੱਚ ਪੰਜਾਬ ਦਾ ਸਦੀ ਪੁਰਾਣਾ ਇਤਿਹਾਸ ਹੈ, ਜਿਸ ਬਾਰੇ ਸਹੀ ਤਰੀਕੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣ ਦੀ ਲੋੜ ਹੈ। ਇਸ ਮਿਊਜ਼ੀਅਮ ਵਿੱਚ ਸੂਬੇ ਦੇ ਹਵਾਬਾਜ਼ੀ ਖੇਤਰ ਦੇ ਇਤਿਹਾਸ ਤੇ ਕਲਾਕ੍ਰਿਤਾਂ ਨੂੰ ਜ਼ਰੂਰ ਦਰਸਾਇਆ ਜਾਵੇ।
ਇਸ ਤੋਂ ਇਲਾਵਾ ਹਵਾਈ ਜਹਾਜ਼ਾਂ ਦੇ ਮਾਡਲ, ਤਸਵੀਰਾਂ, ਨਕਸ਼ੇ, ਮਾਡਲਾਂ ਦੀ ਐਨੀਮੇਸ਼ਨ ਰਾਹੀਂ ਪੇਸ਼ਕਾਰੀ, ਪਾਇਲਟਾਂ ਤੇ ਹੋਰ ਸਟਾਫ਼ ਦੀਆਂ ਵਰਦੀਆਂ ਤੇ ਉਪਕਰਨ ਵੀ ਦਰਸਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 350 ਏਕੜ ਜਗ੍ਹਾ ਵਿੱਚ ਫੈਲਿਆ ‘ਪਟਿਆਲਾ ਏਵੀਏਸ਼ਨ ਕੰਪਲੈਕਸ’ ਵਿਰਾਸਤੀ ਸੰਸਥਾ ਹੈ, ਜੋ 20ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਸਥਾਪਤ ਕੀਤੀ ਗਈ ਸੀ।