ਬਾਰ੍ਹਵੀਂ ਜਮਾਤ ਦੀਆਂ ਕਿਤਾਬਾਂ 'ਚ ਸਿੱਖ ਇਤਿਹਾਸ ਨਾਲ ਸਬੰਧਤ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਮਾਮਲੇ 'ਚ CM ਭਗਵੰਤ ਮਾਨ ਵੱਲੋਂ ਲੇਖਕਾਂ/ਪਬਲਿਸ਼ਰਾਂ ਖਿਲਾਫ਼ ਕੇਸ ਦਰਜ ਦੇ ਹੁਕਮ
ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਜਾਣ ਵਾਲੀ 'ਪੰਜਾਬ ਦੇ ਇਤਿਹਾਸ' ਦੀ ਕਿਤਾਬ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਮਾਮਲੇ 'ਚ CM ਭਗਵੰਤ ਮਾਨ ਵੱਲੋਂ ਲੇਖਕਾਂ/ਪਬਲਿਸ਼ਰਾਂ ਖਿਲਾਫ ਕੇਸ ਦਰਜ ਦੇ ਆਦੇਸ਼
ਚੰਡੀਗੜ੍ਹ : ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾਈਆਂ ਜਾਣ ਵਾਲੀ 'ਪੰਜਾਬ ਦੇ ਇਤਿਹਾਸ' (ਹਿਸਟਰੀ ਆਫ਼ ਪੰਜਾਬ) ਦੀਆਂ ਕਿਤਾਬਾਂ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਮਾਮਲੇ ਵਿੱਚ ਸਿੱਖਿਆ ਵਿਭਾਗ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾਂ ਨਿਰਦੇਸ਼ਾਂ 'ਤੇ ਵੱਡੀ ਕਾਰਵਾਈ ਕਰਦਿਆਂ ਸਿੱਖ ਜਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੇ ਦੋਸ਼ ਵਿੱਚ ਲੇਖਕਾਂ/ਪਬਲਿਸ਼ਰਾਂ ਖਿਲਾਫ ਕੇਸ ਦਰਜ ਦੇ ਆਦੇਸ਼ ਦਿੱਤੇ ਹਨ।
ਇਸ ਦੇ ਨਾਲ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਵਿਵਾਦਤ ਕਿਤਾਬਾਂ ਦੀ ਸਕੂਲਾਂ ਵਿੱਚ ਵਰਤੋਂ 'ਤੇ ਤੁਰੰਤ ਰੋਕ ਲਗਾਉਣ ਅਤੇ ਇਸ ਮਾਮਲੇ ਵਿੱਚ ਕੋਤਾਹੀ ਵਰਤਣ ਵਾਲਿਆਂ ਕਾਰਵਾਈ ਕਰਨ ਲਈ ਵੀ ਕਿਹਾ ਹੈ। ਇਹ ਜਾਣਕਾਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਦਿੱਤੀ ਗਈ ਹੈ।
ਮੀਤ ਹੇਅਰ ਨੇ ਦੱਸਿਆ ਕਿ ਬਲਦੇਵ ਸਿੰਘ ਸਿਰਸਾ ਵੱਲੋਂ ਇਨ੍ਹਾਂ ਵਿਵਾਦਤ ਪੁਸਤਕਾਂ ਦੇ ਮਾਮਲੇ ਵਿੱਚ ਕਾਰਵਾਈ ਕਰਨ ਲਈ ਦਰਖਾਸਤ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਇਸ ਮਾਮਲੇ ਵਿੱਚ ਸਿੱਖਿਆ ਵਿਭਾਗ ਨੇ ਕਾਰਵਾਈ ਕਰਦਿਆਂ ਇਸ ਕੇਸ ਵਿੱਚ ਡੀ.ਜੀ.ਐਸ.ਈ. ਦੇ ਤੱਤਕਾਲੀ ਵਿਸ਼ੇਸ਼ ਕਾਰਜ ਅਫਸਰ ਆਈ.ਪੀ.ਐਸ.ਮਲਹੋਤਰਾ ਵੱਲੋਂ ਪੜਤਾਲ ਅਨੁਸਾਰ ਮਾਡਰਨ ਪਬਲਿਸ਼ਰ ਦੇ ਮਾਡਰਨ ਏ.ਬੀ.ਸੀ. ਆਫ਼ ਹਿਸਟਰੀ ਆਫ਼ ਪੰਜਾਬ ਦੇ ਲੇਖਕ ਮਨਜੀਤ ਸਿੰਘ ਸੋਢੀ, ਮਾਡਰਨ ਬੁੱਕ ਡਿਪੂ (ਐਮ.ਬੀ.ਡੀ.) ਦੇ ਮਹਿੰਦਰ ਪਾਲ ਕੌਰ, ਰਾਜ ਪਬਲਿਸ਼ਰਜ਼ (ਹਿਸਟਰੀ ਆਫ਼ ਪੰਜਾਬ ਦੇ ਲੇਖਕ) ਐਮ.ਐਸ.ਮਾਨ ਵਿਰੁੱਧ ਕਾਰਵਾਈ ਦੀ ਤਜਵੀਜ਼ ਕੀਤੀ ਗਈ ਸੀ।
ਸਿੱਖਿਆ ਮੰਤਰੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਲੇਖਕਾਂ/ਪਬਲਿਸ਼ਰਾਂ ਵੱਲੋਂ ਕਿਤਾਬਾਂ ਵਿੱਚ ਸਿੱਖ ਇਤਿਹਾਸ ਬਾਰੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਨਾਲ ਸਿੱਖ ਜਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਅਤੇ ਵਿਦਿਆਰਥੀਆਂ ਦੇ ਦਿਮਾਗ ਵਿੱਚ ਸਿੱਖ ਇਤਿਹਾਸ ਬਾਰੇ ਤੱਥਾਂ ਨੂੰ ਅਸਮੰਜਸ ਪੈਦਾ ਹੋਣ ਦੇ ਨਾਲ ਉਕਤ ਗਲਤ ਤੱਥਾਂ ਦਾ ਲੰਬੇ ਸਮੇਂ ਤੱਕ ਅਸਰ ਰਹੇਗਾ। ਇਸ ਲਈ ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਲੇਖਕਾਂ/ਪਬਲਿਸ਼ਰਾਂ ਖਿਲਾਫ ਕੇਸ ਦਰਜ ਕਰਨ ਲਈ ਆਖਿਆ ਗਿਆ ਹੈ। ਇਸ ਦੇ ਨਾਲ ਹੀ ਕਿਤਾਬਾਂ ਦੀ ਸਕੂਲਾਂ ਵਿੱਚ ਵਰਤੋਂ 'ਤੇ ਤੁਰੰਤ ਰੋਕ ਲਗਾ ਦਿੱਤੀ ਗਈ ਹੈ।