Punjab Politcs: ਨਵਜੋਤ ਸਿੱਧੂ ਦਾ ਨਹੀਂ ਪਤਾ ਲਗਦਾ ਕਦੋਂ ਸਿਆਸਤ ਛੱਡ ਜਾਂਦਾ ਤੇ ਕਦੋਂ ਵਾਪਸ ਆ ਜਾਂਦਾ, CM ਭਗਵੰਤ ਮਾਨ ਨੇ ਕਸਿਆ ਤੰਜ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਰਾਜਨੀਤੀ 9 ਤੋਂ 5 ਦਾ ਕੰਮ ਨਹੀਂ ਹੈ ਜਿੱਥੇ ਤੁਸੀਂ ਜਦੋਂ ਵੀ ਮਨ ਕਰੇ ਆਉ ਤੇ ਚਲੇ ਜਾਓ। ਮੈਂ ਕਹਿੰਦਾ ਹਾਂ, ਆਓ, ਜ਼ਰੂਰ ਆਓ, ਪਰ ਉਦੋਂ ਹੀ ਆਓ ਜਦੋਂ ਪੰਜਾਬ ਨੂੰ ਤੁਹਾਡੀ ਲੋੜ ਹੋਵੇ। ਸਿਰਫ਼ ਚੋਣਾਂ ਦੌਰਾਨ ਵਾਪਸ ਆਉਣਾ ਸੇਵਾ ਨਹੀਂ ਹੈ।"
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਅਜਨਾਲਾ ਦੇ ਭਾਲਾ ਪਿੰਡ ਖੰਡ ਮਿੱਲ ਵਿਖੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਵੰਡਣ ਲਈ ਅੰਮ੍ਰਿਤਸਰ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਭਗੰਵਤ ਮਾਨ ਨੇ ਸਟੇਜ ਤੋਂ ਨਵਜੋਤ ਸਿੰਘ ਸਿੱਧੂ ਉੱਤੇ ਤਿੱਖਾ ਸ਼ਬਦੀ ਵਾਰ ਕੀਤਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਇਹ ਪਤਾ ਨਹੀਂ ਨਵਜੋਤ ਸਿੰਘ ਸਿੱਧੂ ਕਦੋਂ ਰਾਜਨੀਤੀ ਛੱਡਦੇ ਹਨ ਅਤੇ ਕਦੋਂ ਵਾਪਸ ਆਉਂਦੇ ਹਨ। ਹੁਣ ਜਦੋਂ ਉਨ੍ਹਾਂ ਕੋਲ ਕਰਨ ਲਈ ਕੁਝ ਨਹੀਂ ਹੈ, ਤਾਂ ਪੰਜਾਬ ਦੇ ਏਜੰਡਾ ਫਾਇਲ ਤੋਂ ਧੂੜ ਝਾੜ ਦੇਣਗੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਰਾਜਨੀਤੀ 9 ਤੋਂ 5 ਦਾ ਕੰਮ ਨਹੀਂ ਹੈ ਜਿੱਥੇ ਤੁਸੀਂ ਜਦੋਂ ਵੀ ਮਨ ਕਰੇ ਆਉ ਤੇ ਚਲੇ ਜਾਓ। ਮੈਂ ਕਹਿੰਦਾ ਹਾਂ, ਆਓ, ਜ਼ਰੂਰ ਆਓ, ਪਰ ਉਦੋਂ ਹੀ ਆਓ ਜਦੋਂ ਪੰਜਾਬ ਨੂੰ ਤੁਹਾਡੀ ਲੋੜ ਹੋਵੇ। ਸਿਰਫ਼ ਚੋਣਾਂ ਦੌਰਾਨ ਵਾਪਸ ਆਉਣਾ ਸੇਵਾ ਨਹੀਂ ਹੈ।"
ਜ਼ਿਕਰ ਕਰ ਦਈਏ ਕਿ ਲੰਘੇ ਦਿਨ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਨੇ ਫਿਰ ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਸੀ। ਸਿੱਧੂ ਨੇ ਅਚਾਨਕ ਦਿੱਲੀ ਵਿੱਚ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਨਵਜੋਤ ਸਿੱਧੂ ਨੇ ਇਸ ਮੁਲਾਕਾਤ ਦੀ ਇੱਕ ਫੋਟੋ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਅਤੇ ਪ੍ਰਿਯੰਕਾ ਗਾਂਧੀ ਅਤੇ ਉਨ੍ਹਾਂ ਦੇ ਭਰਾ ਰਾਹੁਲ ਗਾਂਧੀ ਦਾ ਇਸ ਮੁਸ਼ਕਲ ਸਮੇਂ ਦੌਰਾਨ ਸਮਰਥਨ ਲਈ ਧੰਨਵਾਦ ਕੀਤਾ।
ਇਸ ਮੁਲਾਕਾਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਲੰਬੇ ਸਮੇਂ ਤੋਂ ਰਾਜਨੀਤੀ ਤੋਂ ਗੈਰਹਾਜ਼ਰ ਹਨ। ਉਨ੍ਹਾਂ ਨੇ ਨਾ ਤਾਂ ਕਿਸੇ ਸਿਆਸੀ ਗਤੀਵਿਧੀਆਂ ਵਿੱਚ ਹਿੱਸਾ ਲਿਆ ਹੈ ਅਤੇ ਨਾ ਹੀ ਕੋਈ ਬਿਆਨ ਜਾਰੀ ਕੀਤਾ ਹੈ।
ਇਸ ਮੁਲਾਕਾਤ ਨੂੰ ਇਸ ਲਈ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਨਵਜੋਤ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਅੰਮ੍ਰਿਤਸਰ ਤੋਂ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ। ਉਹ ਫੀਲਡ ਵਿੱਚ ਵੀ ਐਕਟਿਵ ਹੋ ਕੇ ਲੋਕਾਂ ਨਾਲ ਮੁਲਾਕਾਤਾਂ ਕਰਨ ਲੱਗ ਪਏ ਹਨ। ਸੂਬੇ ਵਿੱਚ 2027 ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਨਵਜੋਤ ਸਿੱਧੂ ਨੇ 2022 ਵਿੱਚ ਅੰਮ੍ਰਿਤਸਰ ਈਸਟ ਤੋਂ ਚੋਣ ਲੜੀ ਸੀ ਪਰ ਉਹ ਚੋਣ ਹਾਰ ਗਏ। ਇਸ ਤੋਂ ਬਾਅਦ ਉਹ ਸਿਆਸਤ ਤੋਂ ਦੂਰ ਹੋ ਗਏ ਸਨ।2024 ਦੇ ਲੋਕਸਭਾ ਚੋਣਾਂ ਵਿੱਚ ਉਹਨਾਂ ਦਾ ਨਾਮ ਸਟਾਰ ਪ੍ਰਚਾਰਕਾਂ ਦੀ ਲਿਸਟ ਵਿੱਚ ਸੀ, ਫਿਰ ਵੀ ਉਹ ਪ੍ਰਚਾਰ ਲਈ ਨਹੀਂ ਪਹੁੰਚੇ ਹੁਣ ਅਚਾਨਕ ਉਹਨਾਂ ਦਾ ਪ੍ਰਿਯੰਕਾ ਗਾਂਧੀ ਨਾਲ ਮਿਲਣਾ 2027 ਦੀਆਂ ਚੋਣਾਂ ਤੋਂ ਪਹਿਲਾਂ ਸਰਗਰਮ ਹੋਣ ਦੇ ਸੰਕੇਤ ਮੰਨੇ ਜਾ ਰਹੇ ਹਨ।






















