Bangladesh Crisis: CM ਮਾਨ ਵੱਲੋਂ ਸਾਬਕਾ PM ਸ਼ੇਖ ਹਸੀਨਾ ਨੂੰ ਤਾਨਾਸ਼ਾਹ ਕਹਿਣ 'ਤੇ ਕਾਂਗਰਸ ਨੂੰ ਹੋਇਆ ਦਰਦ, ਬਾਜਵਾ ਨੇ ਕੀਤਾ ਜ਼ਬਰਦਸਤ ਵਿਰੋਧ
Sheikh Hasina: ਭਗਵੰਤ ਮਾਨ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ 15 ਸਾਲਾਂ ਦੇ ਸ਼ਾਸਨ ਦਾ ਅਚਾਨਕ ਅੰਤ ਕਰਨ ਵਾਲੀਆਂ ਘਟਨਾਵਾਂ ਨੇ ਇਹ ਸਬਕ ਸਿਖਾਇਆ ਹੈ ਕਿ ਤਾਨਾਸ਼ਾਹੀ ਸ਼ਾਸਨ ਸਦਾ ਲਈ ਨਹੀਂ ਰਹਿ ਸਕਦਾ। ਬਾਜਵਾ ਨੇ
Sheikh Hasina: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਟਿੱਪਣੀ ਨੂੰ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬੇਹੱਦ ਗ਼ੈਰ-ਸੰਵੇਦਨਸ਼ੀਲ ਅਤੇ ਮੰਦਭਾਗਾ ਕਰਾਰ ਦਿੱਤਾ ਹੈ।
ਉਹ ਬੰਗਲਾਦੇਸ਼ ਵਿਚ ਲੋਕਤੰਤਰੀ ਢੰਗ ਨਾਲ ਚੁਣੀ ਗਈ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਸਨ। ਸੰਕਟ ਦੇ ਅਜਿਹੇ ਸਮੇਂ ਵਿੱਚ, ਉਨ੍ਹਾਂ ਨੇ ਭਾਰਤ ਆਉਣ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ, ਭਾਰਤ ਦੇ ਉਨ੍ਹਾਂ ਨਾਲ ਅਤੇ ਬੰਗਲਾਦੇਸ਼ ਨਾਲ ਦੋਸਤਾਨਾ ਸਬੰਧ ਹਨ। ਉਹ ਸਾਡੇ ਦੇਸ਼ ਦੀ ਮਹਿਮਾਨ ਹੈ। ਇੱਥੇ ਉਸ ਨੂੰ ਘਰ ਦਾ ਅਹਿਸਾਸ ਕਰਵਾਉਣ ਦੀ ਬਜਾਏ ਮੁੱਖ ਮੰਤਰੀ ਮਾਨ ਨੇ ਉਸ ਨੂੰ ਤਾਨਾਸ਼ਾਹ ਕਿਹਾ। ਬਾਜਵਾ ਨੇ ਕਿਹਾ ਕਿ ਅਜਿਹੀਆਂ ਟਿੱਪਣੀਆਂ ਬਹੁਤ ਹੀ ਨਿੰਦਣਯੋਗ ਹਨ।
ਹੁਸ਼ਿਆਰਪੁਰ ਵਿਖੇ ਸੂਬਾ ਪੱਧਰੀ ਵਣ ਮਹਾਂਉਤਸਵ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ 15 ਸਾਲਾਂ ਦੇ ਸ਼ਾਸਨ ਦਾ ਅਚਾਨਕ ਅੰਤ ਕਰਨ ਵਾਲੀਆਂ ਘਟਨਾਵਾਂ ਨੇ ਇਹ ਸਬਕ ਸਿਖਾਇਆ ਹੈ ਕਿ ਤਾਨਾਸ਼ਾਹੀ ਸ਼ਾਸਨ ਸਦਾ ਲਈ ਨਹੀਂ ਰਹਿ ਸਕਦਾ।
ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਉਹ ਨਾ ਸਿਰਫ ਇਕ ਪ੍ਰਭੂਸੱਤਾ ਵਾਲੇ ਦੇਸ਼ ਬੰਗਲਾਦੇਸ਼ ਦੀ ਲੋਕਤੰਤਰੀ ਢੰਗ ਨਾਲ ਚੁਣੀ ਗਈ ਸਰਕਾਰ ਦੀ ਮੁਖੀ ਸੀ, ਬਲਕਿ ਬੰਗਲਾਦੇਸ਼ ਦੇ ਸੰਸਥਾਪਕ ਅਤੇ ਪਹਿਲੇ ਰਾਸ਼ਟਰਪਤੀ ਸ਼ੇਖ ਮੁਜੀਬੁਰ ਰਹਿਮਾਨ ਦੀ ਧੀ ਵੀ ਹੈ। 1975 ਵਿਚ ਆਪਣੇ ਪਿਤਾ ਦੀ ਹੱਤਿਆ ਤੋਂ ਬਾਅਦ ਸ਼ੇਖ ਹਸੀਨਾ ਨੇ ਦਿੱਲੀ ਵਿਚ ਸ਼ਰਨ ਮੰਗੀ ਸੀ। ਫਿਰ ਭਾਰਤ ਦੇ ਪ੍ਰਧਾਨ ਮੰਤਰੀ ਨੇ ਉਸ ਨੂੰ ਪਨਾਹ ਦਿੱਤੀ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਇਕ ਜ਼ਿੰਮੇਵਾਰ ਅਹੁਦਾ ਰੱਖਦੇ ਹਨ। ਉਹ ਹੁਣ ਕਾਮੇਡੀਅਨ ਨਹੀਂ ਹੈ, ਜੋ ਕਿਸੇ ਦਾ ਮਜ਼ਾਕ ਉਡਾ ਸਕਦਾ ਹੈ। ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਾਡਾ ਗੁਆਂਢੀ ਦੇਸ਼ ਇਸ ਸਮੇਂ ਗੰਭੀਰ ਅੰਦਰੂਨੀ ਉਥਲ-ਪੁਥਲ ਵਿੱਚੋਂ ਲੰਘ ਰਿਹਾ ਹੈ। ਬਾਜਵਾ ਨੇ ਕਿਹਾ ਕਿ ਜੇਕਰ ਉਹ ਉਨ੍ਹਾਂ ਨੂੰ ਕੁਝ ਚੰਗੇ ਸ਼ਬਦ ਨਹੀਂ ਕਹਿ ਸਕਦੇ ਤਾਂ ਉਨ੍ਹਾਂ ਨੂੰ ਘੱਟੋ-ਘੱਟ ਅਜਿਹੀ ਸਖ਼ਤ ਭਾਸ਼ਾ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਸੀ।