CM ਮਾਨ ਨੇ ਡੱਲੇਵਾਲ ਨਾਲ ਕੀਤੀ ਗੱਲਬਾਤ,ਕਿਹਾ-ਲੰਬਾ ਚੱਲੇਗਾ ਸੰਘਰਸ਼, ਤੁਹਾਡੀ ਸਿਹਤ ਜ਼ਰੂਰੀ, ਮੁੜ ਲਿਆਂਦੇ ਜਾ ਰਹੇ ਨੇ ਕਾਨੂੰਨ
ਮਾਨ ਨੇ ਕਿਹਾ ਕਿ ਮੈਂ ਡੱਲੇਵਾਲ ਨਾਲ ਖ਼ੁਦ ਗੱਲ ਕੀਤੀ ਹੈ ਕਿ ਤੁਹਾਡੀ ਸਿਹਤ ਸਾਡੇ ਲਈ ਬਹੁਤ ਜ਼ਰੂਰੀ ਹੈ ਤੇ ਇਹ ਸੰਘਰਸ਼ ਲੰਬਾ ਚੱਲੇਗਾ,ਜਿਹੜੀਆਂ ਲੜਾਈਆਂ ਲੰਬੀਆਂ ਚਲਦੀਆਂ ਨੇ ਉਨ੍ਹਾਂ ਵਿੱਚ ਤੁਹਾਡੇ ਵਰਗੇ ਲੀਡਰ ਦੀ ਹਾਜ਼ਰੀ ਜ਼ਰੂਰੀ ਹੈ।
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਦੇ ਮੁੱਦੇ ਉੱਤੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਮੌਕੇ ਮਾਨ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਵਿਚਾਲੇ ਕੇਂਦਰ ਮੁੜ ਪੁਰਾਣੇ ਕਾਨੂੰਨ ਲਿਆਉਣ ਜਾ ਰਹੀ ਹੈ। ਇਸ ਮੌਕੇ ਮਾਨ ਨੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਬਾਰੇ ਕਿਹਾ ਕਿ ਉਨ੍ਹਾਂ ਦੀ ਡਾਕਟਰਾਂ ਦੀ ਟੀਮ ਮੌਕੇ ਉੱਤੇ ਮੌਜੂਦ ਹੈ।
ਮੁੱਖ ਮੰਤਰੀ ਨੇ ਮੀਡੀਆ ਦੇ ਮੁਖਾਬਤ ਹੁੰਦਿਆਂ ਕਿਹਾ ਕਿ, ਕੇਂਦਰ ਵੱਲੋਂ ਕਿਸਾਨਾਂ ਨਾਲ ਰਾਬਤ ਕਰਨ ਲਈ ਕੋਈ ਪਹਿਲ ਨਹੀਂ ਕੀਤੀ ਗਈ ਹੈ। ਮਾਨ ਨੇ ਕਿਹਾ ਕਿ ਕੇਂਦਰ ਹੋਰ ਤਰੀਕੇ ਨਾਲ ਮੁੜ ਉਹੀ ਕਾਨੂੰਨ ਵਾਪਸ ਲਿਆ ਰਹੀ ਹੈ। ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ, ਕੇਂਦਰ ਗੱਲਬਾਤ ਵਾਸਤੇ ਕਿਸਾਨਾਂ ਨੂੰ ਸੱਦਾ ਕਿਉਂ ਨਹੀਂ ਦੇ ਰਹੀ ਹੈ।
ਮਾਨ ਨੇ ਕਿਹਾ ਕਿ ਡੱਲੇਵਾਲ ਦੇ ਮਰਨ ਵਰਤ ਲਗਾਤਾਰ ਜਾਰੀ ਹੈ ਪਰ ਕਿਸੇ ਨੂੰ ਪਰਵਾਹ ਹੀ ਨਹੀਂ ਹੈ, ਅਸੀਂ ਬਹੁਤ ਵਾਰ ਕੋਸ਼ਿਸ਼ ਕਰ ਚੁੱਕੇ ਹਾਂ ਕਿ ਗੱਲਬਾਤ ਕੀਤੀ ਜਾਵੇ, ਇਹ ਸਾਰੀਆਂ ਮੰਗਾਂ ਕੇਂਦਰ ਸਰਕਾਰ ਨਾਲ ਸਬੰਧਤ ਹਨ ਪਰ ਗੱਲਬਾਤ ਵਾਸਤੇ ਸੱਦਾ ਕਿਉਂ ਨਹੀਂ ਦਿੱਤਾ ਜਾ ਰਿਹਾ ਹੈ।
ਮਾਨ ਨੇ ਸੁਪਰੀਮ ਕੋਰਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੋਰਟ ਨੇ ਕਿਹਾ ਹੈ ਕਿ ਡੱਲੇਵਾਲ ਦੀ ਸਿਹਤ ਦਾ ਖਿਆਲ ਰੱਖਣਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਅਸੀਂ ਉਹ ਨਿਭਾਅ ਰਹੇ ਹਾਂ, ਡੱਲੇਵਾਲ ਦੀ ਸਿਹਤ ਲਈ 50 ਡਾਕਟਰਾਂ ਦੀ ਟੀਮ ਤੈਨਾਤ ਹੈ,
ਦੇਸ਼ ਦੇ ਅੰਨਦਾਤਾ ਦੀ ਸਾਰ ਕਿਉਂ ਨਹੀਂ ਲੈ ਰਹੀ ਕੇਂਦਰ ਸਰਕਾਰ? ਅਹਿਮ ਪ੍ਰੈੱਸ ਕਾਨਫਰੰਸ ਚੰਡੀਗੜ੍ਹ ਤੋਂ Live ...... देश के अन्नदाता की सार क्यों नहीं ले रही केंद्र सरकार? महत्वपूर्ण प्रेस वार्ता चंडीगढ़ से Live https://t.co/jsjMmzsUGm
— Bhagwant Mann (@BhagwantMann) January 2, 2025
ਮਾਨ ਨੇ ਕਿਹਾ ਕਿ ਮੈਂ ਡੱਲੇਵਾਲ ਨਾਲ ਖ਼ੁਦ ਗੱਲ ਕੀਤੀ ਹੈ ਕਿ ਤੁਹਾਡੀ ਸਿਹਤ ਸਾਡੇ ਲਈ ਬਹੁਤ ਜ਼ਰੂਰੀ ਹੈ ਤੇ ਇਹ ਸੰਘਰਸ਼ ਲੰਬਾ ਚੱਲੇਗਾ,ਜਿਹੜੀਆਂ ਲੜਾਈਆਂ ਲੰਬੀਆਂ ਚਲਦੀਆਂ ਨੇ ਉਨ੍ਹਾਂ ਵਿੱਚ ਤੁਹਾਡੇ ਵਰਗੇ ਲੀਡਰ ਦੀ ਹਾਜ਼ਰੀ ਜ਼ਰੂਰੀ ਹੈ।
ਕੇਂਦਰ ਸਰਕਾਰ ਚਾਹੁੰਦੀ ਹੈ ਕਿ ਡੱਲੇਵਾਲ ਨੂੰ ਜਬਰੀ ਚੁੱਕਿਆ ਜਾਵੇ ਪਰ ਉਹ ਤਾਂ ਸ਼ਾਂਤ ਬੈਠੇ ਹਨ, ਇਹ ਮਾਮਲਾ ਕੇਂਦਰ ਦੀ ਗੱਲਬਾਤ ਨਾਲ ਹੀ ਹੱਲ ਹੋਵੇਗਾ। ਇਹ ਉਹੀ ਪੁਰਾਣੀਆਂ ਮੰਗਾਂ ਹਨ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗੀਆਂ ਸਨ, ਪਰ ਇਹ ਪੁਰਾਣੇ ਕਾਨੂੰਨ ਹੋਰ ਤਰੀਕੇ ਨਾਲ ਲਿਆ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਅੱਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਬੁਝਾੜਾਂ ਹਰਿਆਣਾ ਮਾਰ ਰਿਹਾ ਤੇ ਮੰਗਾਂ ਦਿੱਲੀ ਨਾਲ ਜੁੜੀਆਂ ਹਨ, ਇਸ ਸਭ ਵਿਚਾਲੇ ਪੰਜਾਬ ਸਰਕਾਰ ਕਿੱਥੋਂ ਆ ਗਈ। ਤੁਸੀਂ ਸਾਨੂੰ ਆਪਸ ਵਿੱਚ ਨਾ ਲੜਾਓ, ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਕਿਸਮ ਦਾ ਜਾਨੀ ਨੁਕਸਾਨ ਹੋਵੇ।
ਉੱਥੋ ਕੋਈ ਇਹੋ ਜਿਹੇ ਹਲਾਤ ਨਹੀਂ ਕਿ ਉਨ੍ਹਾਂ ਨੂੰ ਜਬਰੀ ਲਜਾਇਆ ਜਾਵੇ, ਕੇਂਦਰ ਸਰਕਾਰ ਆਪਣਾ ਅੜੀਅਲ ਰਵੱਈਆ ਛੱਡੇ ਤੇ ਕਿਸਾਨਾਂ ਨਾਲ ਗੱਲਬਾਤ ਕਰੇ, ਹਰ ਮਸਲੇ ਦਾ ਹੱਲ ਬੈਠ ਕੇ ਹੀ ਹੁੰਦਾ ਹੈ। ਮਾਨ ਨੇ ਕਿਹਾ ਕਿ ਜੋ ਕੇਂਦਰ ਨਵਾਂ ਕਾਨੂੰਨ ਲਿਆਉਣ ਜਾ ਰਹੀ ਹੈ, ਪੰਜਾਬ ਸਰਕਾਰ ਉਸ ਨੂੰ ਲਾਗੂ ਨਹੀਂ ਕਰੇਗੀ।
ਮਾਨ ਨੇ ਡੱਲੇਵਾਲ ਨੂੰ ਅਪੀਲ ਕੀਤੀ ਕਿ ਉੱਥੇ ਅਜਿਹੇ ਹਲਾਤ ਨਹੀਂ ਪੈਦਾ ਹੋਣੇ ਚਾਹੀਦੇ ਤਾਂ ਜੋ ਕਿਸਾਨ ਤੇ ਪੁਲਿਸ ਆਹਮੋ-ਸਾਹਮਣੇ ਆਵੇ, ਕਿਉਂਕਿ ਪੰਜਾਬ ਪੁਲਿਸ ਦੇ ਜਵਾਨ ਵੀ ਕਿਸਾਨਾਂ ਦੇ ਮੁੰਡੇ ਹਨ, ਜੇ ਹਲਾਤ ਵਿਗੜਦੇ ਨੇ ਤਾਂ ਕੀ ਹੁਣ ਭਰਾ-ਭਰਾ ਲੜਨਗੇ, ਕੇਂਦਰ ਇਹੀ ਤਾਂ ਚਾਹੁੰਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਬੰਦ ਕਰਨ ਨਾਲ ਪੰਜਾਬ ਨੂੰ 100 ਕਰੋੜ ਦਾ ਘਾਟਾ ਪਿਆ ਹੈ। ਇਸ ਨਾਲ ਕੇਂਦਰ ਸਰਕਾਰ ਨੂੰ ਕੋਈ ਫਰਕ ਨਹੀਂ ਪਿਆ ਪਰ ਇਸ ਨਾਲ ਪੰਜਾਬ ਦੇ ਲੋਕ ਜ਼ਰੂਰ ਤੰਗ ਹੋਏ ਹਨ।