ਚੰਡੀਗੜ੍ਹ: ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਹੁ ਚੁੱਕ ਸਮਾਗਮ ਲਈ ਵਾਹੀਆਂ ਫਸਲਾਂ ਦਾ ਮੁਆਵਜ਼ਾ ਦੇ ਦਿੱਤਾ ਗਿਆ ਹੈ। ਸਥਾਨਕ ਪ੍ਰਸਾਸ਼ਨ ਵੱਲੋਂ 56,047,99 ਦੀ ਰਕਮ ਵੰਡ ਦਿੱਤੀ ਗਈ ਹੈ। ਬਾਕੀ ਚੈੱਕ ਉਪਲੱਬਧ ਵੇਰਵਿਆਂ ਅਨੁਸਾਰ ਤਿਆਰ ਕੀਤੇ ਜਾ ਰਹੇ ਹਨ। ਵਿਰੋਧੀ ਧਿਰਾਂ ਫਸਲ ਵਾਹੁਣ ਨੂੰ ਮੁੱਦਾ ਬਣਾ ਰਹੀਆਂ ਸੀ। ਇਸ ਲਈ ਸਰਕਾਰ ਨੇ ਮੌਕਾ ਸੰਭਾਲਦਿਆਂ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇ ਦਿੱਤਾ ਹੈ।

ਦੱਸ ਦਈਏ ਕਿ ਖਟਕੜ ਕਲਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਹੁ ਚੁੱਕ ਸਮਾਗਮ ਦੌਰਾਨ ਪਾਰਕਿੰਗ ਲਈ 160 ਏਕੜ ਦੇ ਕਰੀਬ ਜ਼ਮੀਨ ਖਾਲੀ ਕਰਾਈ ਗਈ ਸੀ। ਇਸ ਲਈ ਕਣਕ, ਆਲੂ, ਕਮਾਦ ਤੇ ਸਰ੍ਹੋਂ ਆਦਿ ਫ਼ਸਲਾਂ ਵਾਹੀਆਂ ਗਈਆਂ ਸਨ। ਫ਼ਸਲਾਂ ਦੀ ਇਸ ਕਦਰ ਕਟਾਈ ਨੂੰ ਵਿਰੋਧੀ ਧਿਰਾਂ ਨੇ ਅਲੋਚਨਾ ਦਾ ਮੁੱਦਾ ਬਣਾਇਆ ਸੀ। ਪ੍ਰਸ਼ਾਸਨ ਨੇ ਇਸ ਮੁੱਦੇ ਨੂੰ ਹੋਰ ਤੂਲ ਮਿਲਣ ਤੋਂ ਪਹਿਲਾਂ ਹੀ ਉਕਤ ਖੇਤਾਂ ਦੇ ਮਾਲਕਾਂ/ਕਾਸ਼ਤਕਾਰਾਂ ਦੀ ਮੰਗ ਮੁਤਾਬਕ ਢੁਕਵਾਂ ਮੁਆਵਜ਼ਾ ਦੇਣਾ ਸ਼ੁਰੂ ਕਰ ਦਿੱਤਾ ਹੈ।

ਮਾਲ ਵਿਭਾਗ ਨੇ ਫੁਰਤੀ ਦਿਖਾਉਂਦਿਆਂ ਪ੍ਰਭਾਵਿਤ ਜ਼ਮੀਨ ਦੀ ਬਰੀਕੀ ਨਾਲ ਸ਼ਨਾਖ਼ਤ ਕਰਦਿਆਂ ਮੁਆਵਜ਼ੇ ਦੀ ਰਕਮ ਦੇ ਚੈੱਕ ਵੰਡਣੇ ਸ਼ੁਰੂ ਕਰ ਦਿੱਤੇ ਹਨ। ਇਸ ਦੀ ਪਹਿਲੀ ਕਿਸ਼ਤ ਲਈ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ 56,047,99 ਦੀ ਰਕਮ ਵੰਡ ਦਿੱਤੀ ਗਈ ਹੈ। ਬਾਕੀ ਚੈੱਕ ਉਪਲੱਬਧ ਵੇਰਵਿਆਂ ਅਨੁਸਾਰ ਤਿਆਰ ਕੀਤੇ ਜਾ ਰਹੇ ਹਨ। ਉਪ ਮੰਡਲ ਮਜਿਸਟ੍ਰੇਟ ਨਵਨੀਤ ਕੌਰ ਬੱਲ ਨੇ ਇਸ ਸਬੰਧੀ ਦੱਸਿਆ ਕਿ ਸਮਾਗਮ ਲਈ ਵਰਤੀ ਗਈ ਜ਼ਮੀਨ ’ਚ ਕੱਟੀ ਗਈ ਫ਼ਸਲ ਦੇ ਬਾਕੀ ਮਾਲਕਾਂ/ਕਾਸ਼ਤਕਾਰਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ।

ਪਿੰਡ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਕਤ ਜ਼ਮੀਨ ਤੋਂ ਇਲਾਵਾ ਸਮਾਗਮ ਵਿੱਚ ਪੁੱਜੇ ਲੋਕਾਂ ਤੇ ਵਾਹਨਾਂ ਦੇ ਆਉਣ-ਜਾਣ ਨਾਲ ਕੁਝ ਹੋਰ ਜ਼ਮੀਨ ਵੀ ਪ੍ਰਭਾਵਿਤ ਹੋਈ ਹੈ, ਜਿਸ ਬਾਰੇ ਵੀ ਸਬੰਧਤ ਕਿਸਾਨਾਂ ਨੇ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਦਿੱਤਾ ਹੈ।