ਪੰਜਾਬ ਦੇ ਇੱਕ ਹੋਰ ਕਾਂਗਰਸੀ ਲੀਡਰ ਦਾ ਕੈਪਟਨ ਅਮਰਿੰਦਰ ਨੂੰ ਝਟਕਾ, ਸੀਐਮ ਦੀ ਕਾਰਗੁਜ਼ਾਰੀ 'ਤੇ ਸੁਆਲ
ਸੇਖੜੀ ਨੇ ਮੁੱਖ ਮੰਤਰੀ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਉੱਤੇ ਵੀ ਉਂਗਲ਼ ਉਠਾਉਂਦਿਆਂ ਆਖਿਆ ਕਿ ਕਨਫ਼ੈਡਰੇਸ਼ਨ ਸਕੂਲ ਐਂਡ ਕਾਲਜ ਆਫ਼ ਪੰਜਾਬ ਨੇ ਤੈਅ ਕੀਤਾ ਸੀ ਕਿ ਬੀਮਾਰੀ ਨਾਲ ਲੜਾਈ ’ਚ ਅੱਗੇ ਆਉਣਾ ਚਾਹੀਦਾ ਹੈ।

ਚੰਡੀਗੜ੍ਹ: ਪੰਜਾਬ ਕਾਂਗਰਸ ’ਚ ਚੱਲ ਰਹੇ ਘਮਸਾਨ ਦੌਰਾਨ ਬਟਾਲਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਉੱਤੇ ਸੁਆਲ ਖੜ੍ਹੇ ਕੀਤੇ ਹਨ। ਸੇਖੜੀ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਕੋਰੋਨਾ ਦੀ ਸਥਿਤੀ ਜਾਣਨ ਲਈ ਮੁੱਖ ਮੰਤਰੀ ਤੇ ਉਨ੍ਹਾਂ ਦੇ ਮੰਤਰੀਆਂ ਨੂੰ ਘਰਾਂ ’ਚੋਂ ਬਾਹਰ ਨਿੱਕਲ ਕੇ ਪੰਜਾਬ ਦਾ ਦੌਰਾ ਕਰਨਾ ਚਾਹੀਦਾ ਹੈ।
ਸੇਖੜੀ ਨੇ ਮੁੱਖ ਮੰਤਰੀ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਉੱਤੇ ਵੀ ਉਂਗਲ਼ ਉਠਾਉਂਦਿਆਂ ਆਖਿਆ ਕਿ ਕਨਫ਼ੈਡਰੇਸ਼ਨ ਸਕੂਲ ਐਂਡ ਕਾਲਜ ਆਫ਼ ਪੰਜਾਬ ਨੇ ਤੈਅ ਕੀਤਾ ਸੀ ਕਿ ਬੀਮਾਰੀ ਨਾਲ ਲੜਾਈ ’ਚ ਅੱਗੇ ਆਉਣਾ ਚਾਹੀਦਾ ਹੈ। ਇਸ ਲਈ ਨਰਸਿੰਗ ਤੇ ਹੋਰ ਕਾਲਜਾਂ ਵਿੱਚ ਮਰੀਜ਼ਾਂ ਲਈ ਬਿਸਤਰੇ ਮੁਹੱਈਆ ਕਰਵਾਉਣ ਦਾ ਫ਼ੈਸਲਾ ਲਿਆ ਗਿਆ। ਉਨ੍ਹਾਂ ਇਸ ਲਈ ਬਾਕਾਇਦਾ ਮੁੱਖ ਮੰਤਰੀ ਦੇ ਚੀਫ਼ ਪ੍ਰਿੰਸੀਪਲ ਸੈਕਰੇਟਰੀ ਸੁਰੇਸ਼ ਕੁਮਾਰ, ਮੁੱਖ ਸਕੱਤਰ ਵਿੰਨੀ ਮਹਾਜਨ, ਪ੍ਰਿੰਸੀਪਲ ਸੈਕਰੇਟਰੀ ਤੇਜਵੀਰ ਨੂੰ ਪ੍ਰਸਤਾਵ ਵੀ ਭੇਜਿਆ ਗਿਆ ਸੀ ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ।
ਸੇਖੜੀ ਨੇ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ਕਾਰਨ ਪੰਜਾਬ ਵਿੱਚ ਨਾ ਸਿਰਫ਼ ਮਰੀਜ਼ਾਂ ਦੀ ਗਿਣਤੀ ਵਧੀ, ਸਗੋਂ ਲੋਕਾਂ ਦੀਆਂ ਮੌਤਾਂ ਵੀ ਜ਼ਿਆਦਾ ਹੋਈਆਂ। ਇਸ ਨੂੰ ਵੇਖਦਿਆਂ ਕਨਫ਼ੈਡਰੇਸ਼ਨ ਨੇ ਮੁੱਖ ਮੰਤਰੀ ਨੂੰ ਛੇ ਮਈ ਨੂੰ ਇੱਕ ਪ੍ਰਸਤਾਵ ਭੇਜ ਕੇ ਕਿਹਾ ਸੀ ਕਿ ਹਰੇਕ ਨਰਸਿੰਗ ਕਾਲਜ ਤੇ ਹੋਰ ਨਿਜੀ ਕਾਲਜ ਵਿੱਚ ਆਪਣੇ ਪੱਧਰ ਉੱਤੇ ਕੋਵਿਡ ਸੈਂਟਰ ਬਣਾਉਣ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਆਕਸੀਜਨ ਕੰਸੈਂਟ੍ਰੇਟਰ ਮੁਹੱਈਆ ਕਰਵਾਉਣ ਲਈ ਤਿਆਰ ਹਨ, ਇਸ ਲਈ ਇਸ ਦੀ ਇਜਾਜ਼ਤ ਦਿੱਤੀ ਜਾਵੇ।
ਸੇਖੜੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਉਨ੍ਹਾਂ ਦੇ ਪ੍ਰਸਤਾਵ ਦਾ ਜਵਾਬ ਤੱਕ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ’ਚ ਵੈਕਸੀਨ ਲਾਉਣ ਲਈ ਸਿਰਿੰਜ ਤੱਕ ਨਹੀਂ ਹੈ। ਉਨ੍ਹਾਂ ਸਰਕਾਰ ਨੂੰ ਕੋਰੋਨਾ ਦੇ ਇਲਾਜ ਉੱਤੇ ਖ਼ਰਚ ਹੋ ਰਹੇ ਕਰੋੜਾਂ ਰੁਪਇਆਂ ਬਾਰੇ ਇੱਕ ‘ਵ੍ਹਾਈਟ ਪੇਪਰ’ ਜਾਰੀ ਕਰਨ ਦੀ ਮੰਗ ਵੀ ਕੀਤੀ। ਸੇਖੜੀ ਦਾ ਇਹ ਬਿਆਨ ਅਜਿਹੇ ਵੇਲੇ ਆਇਆ ਹੈ, ਜਦੋਂ ਪੰਜਾਬ ਵਿੱਚ ਲਾਗ ਦੇ ਮਾਮਲਿਆਂ ’ਚ ਕਮੀ ਆਈ ਹੈ। ਇੱਕ ਪਾਸੇ ਜਿੱਥੇ ਆਕਸੀਜਨ ਦੀ ਮੰਗ ਘਟੀ ਹੈ, ਉੱਥੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਵਧੀ ਹੈ।






















