ਖੇਤੀ ਕਾਨੂੰਨ ਲਿਆਉਣ ਪਿੱਛੇ ਕੈਪਟਨ ਤੇ ਬੀਜੇਪੀ ਦੀ ਮਿਲੀਭੁਗਤ? ਕੈਪਟਨ ਦੇ ਐਲਾਨ ਮਗਰੋਂ ਕਾਂਗਰਸ ਨੂੰ ਖਦਸ਼ਾ
ਕਾਂਗਰਸ ਨੇ ਕੈਪਟਨ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਕੀ ਤਿੰਨ ਖੇਤੀ ਕਾਨੂੰਨਾਂ ਨੂੰ ਲਿਆਉਣ ਪਿੱਛੇ ਉਨ੍ਹਾਂ ਤੇ ਭਾਜਪਾ ਦੀ ਮਿਲੀਭੁਗਤ ਤਾਂ ਨਹੀਂ ਸੀ।
ਨਵੀਂ ਦਿੱਲੀ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾ ਕੇ ਬੀਜੇਪੀ ਨਾਲ ਗੱਠਜੋੜ ਦਾ ਐਲਾਨ ਕਰਨ ਮਗਰੋਂ ਕਾਂਗਰਸ ਸਣੇ ਹੋਰ ਸਿਆਸੀ ਪਾਰਟੀਆਂ ਨੇ ਵੱਡੇ ਸਵਾਲ ਉਠਾਏ ਹਨ। ਕਾਂਗਰਸ ਦੇ ਸੀਨੀਅਰ ਲੀਡਰ ਤਾਂ ਇੱਥੋਂ ਤੱਕ ਕਹਿ ਰਹੇ ਹਨ ਕਿ ਖੇਤੀ ਕਾਨੂੰਨ ਪਿੱਛੇ ਕੈਪਟਨ ਤੇ ਬੀਜੇਪੀ ਦੀ ਮਿਲੀਭੁਗਤ ਹੋ ਸਕਦੀ ਹੈ।
ਕਾਂਗਰਸ ਨੇ ਕੈਪਟਨ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਕੀ ਤਿੰਨ ਖੇਤੀ ਕਾਨੂੰਨਾਂ ਨੂੰ ਲਿਆਉਣ ਪਿੱਛੇ ਉਨ੍ਹਾਂ ਤੇ ਭਾਜਪਾ ਦੀ ਮਿਲੀਭੁਗਤ ਤਾਂ ਨਹੀਂ ਸੀ। ਕਾਂਗਰਸ ਦੇ ਤਰਜਮਾਨ ਗੌਰਵ ਵੱਲਭ ਨੇ ਕਿਹਾ, ‘‘ਜਿਵੇਂ ਬਿਆਨ ਜਨਤਕ ਕੀਤੇ ਜਾ ਰਹੇ ਹਨ, ਉਸ ਤੋਂ ਇਹੀ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਤਿੰਨ ਖੇਤੀ ਕਾਨੂੰਨਾਂ ਨੂੰ ਲਿਆਉਣ ਪਿੱਛੇ ਕੈਪਟਨ ਤੇ ਭਾਜਪਾ ਦੀ ਮਿਲੀਭੁਗਤ ਤਾਂ ਨਹੀਂ ਸੀ।’’ ਤਰਜਮਾਨ ਨੇ ਕਿਹਾ ਕਿ ਅਮਰਿੰਦਰ ਦੇ ਬਿਆਨ ਇਹ ਸ਼ਾਹਦੀ ਭਰਦੇ ਹਨ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰਨ ਦਾ ਫੈਸਲਾ ਸਹੀ ਸੀ।
ਇਸ ਦੇ ਨਾਲ ਹੀ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਨੂੰ ‘ਮੌਕਾਪ੍ਰਸਤ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਪਿਛਲੇ ਸਾਢੇ ਚਾਰ ਸਾਲਾਂ ਤੋਂ ਪੰਜਾਬ ਨਾਲ ਧ੍ਰੋਹ ਕਮਾ ਰਹੇ ਸਨ। ਰੰਧਾਵਾ ਨੇ ਕਿਹਾ, ‘‘ਅਮਰਿੰਦਰ ਕਹਿੰਦੇ ਹਨ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ। ਮੈਂ ਕੈਪਟਨ ਸਾਹਿਬ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਜੇਕਰ ਇਹ ਸਰਹੱਦੀ ਸੂਬਾ ਸੀ ਤਾਂ ਫਿਰ ਟਿਫ਼ਨ ਬੰਬ ਤੇ ਡ੍ਰੋਨ ਕਿਉਂ ਆ ਰਹੇ ਸਨ। ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਨੂੰ ਕਿਉਂ ਨਹੀਂ ਰੋਕਿਆ ਗਿਆ।’’
ਉਧਰ, ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਕੈਪਟਨ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਬੀਜੇਪੀ ਨਾਲ ਅੰਦਰਖਾਤੇ ਰਲੇ ਹੋਏ ਸਨ। ਹੁਣ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਵੀ ਬੀਜੇਪੀ ਨੇ ਕੈਪਟਨ ਦੀ ਡਟ ਕੇ ਮਦਦ ਕੀਤੀ ਸੀ। ਹਰਸਿਮਰਤ ਬਾਦਲ ਨੇ ਦੋਸ਼ ਲਾਇਆ ਕਿ ਕੈਪਟਨ ਨੇ ਖੇਤੀ ਕਾਨੂੰਨ ਬਣਾਉਣ ਵਿੱਚ ਕੇਂਦਰ ਸਰਕਾਰ ਦੀ ਮਦਦ ਕਰਕੇ ਆਪਣੀ ਪਾਰਟੀ ਤੇ ਪੰਜਾਬੀਆਂ ਦੀ ਪਿੱਠ ’ਚ ਛੁਰਾ ਮਾਰਿਆ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਗ਼ੈਰ-ਭਾਜਪਾ ਸਰਕਾਰਾਂ ਦੇ ਮੁੱਖ ਮੰਤਰੀਆਂ ਨੂੰ ਕਦੀ ਨਹੀਂ ਬਖ਼ਸ਼ਿਆ, ਭਾਵੇਂ ਉਹ ਮਮਤਾ ਬੈਨਰਜੀ ਹੋਣ ਜਾਂ ਕੋਈ ਹੋਰ, ਪਰ ਉਨ੍ਹਾਂ ਕੈਪਟਨ ਨੂੰ ਕਦੇ ਕੁਝ ਨਹੀਂ ਕਿਹਾ। ਸਗੋਂ ਨਰਿੰਦਰ ਮੋਦੀ ਕੈਪਟਨ ਨੂੰ ਸੁਤੰਤਰ ਫ਼ੌਜੀ ਕਹਿ ਕੇ ਵਡਿਆਉਂਦੇ ਰਹੇ ਹਨ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਦੀਆਂ 18 ਵਿਰੋਧੀ ਪਾਰਟੀਆਂ ਨੇ ਖੇਤੀ ਕਾਨੂੰਨਾਂ ਦਾ ਰਾਜ ਸਭਾ ’ਚ ਡਟ ਕੇ ਵਿਰੋਧ ਕੀਤਾ, ਇਸ ਦੇ ਬਾਵਜੂਦ ਇਨ੍ਹਾਂ ਕਾਨੂੰਨਾਂ ਨੂੰ ਪਾਸ ਕਰ ਦਿੱਤਾ ਗਿਆ।