ਚੰਡੀਗੜ੍ਹ: ਪੰਜਾਬ ਕਾਂਗਰਸ ਨੂੰ ਘੇਰਨ ਲਈ ਵਿਰੋਧੀ ਧਿਰਾਂ ਦਲਿਤ ਪੱਤਾ ਖੇਡ ਰਹੀਆਂ ਹਨ। ਵਿਰੋਧੀ ਧਿਰਾਂ ਅਕਾਲੀ ਦਲ, ਬੀਜੇਪੀ ਤੇ ਆਮ ਆਦਮੀ ਪਾਰਟੀ ਨੇ ਪੰਜਾਬ ਵਜ਼ਾਰਤ ਵਿੱਚ ਦਲਿਤਾਂ ਨੂੰ ਸਹੀ ਨਮਾਇੰਦਗੀ ਨਾ ਦੇਣ ਦਾ ਇਲਜ਼ਾਮ ਲਾਉਂਦਿਆਂ ਕਾਂਗਰਸ ਨੂੰ ਘੇਰਿਆ ਹੈ। ਅਕਾਲੀ ਦਲ, ਬੀਜੇਪੀ ਤੇ ਆਮ ਆਦਮੀ ਪਾਰਟੀ ਨੇ ਬਾਕਾਇਦਾ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਕਾਂਗਰਸ ਦਾ ਦਲਿਤਾਂ ਪ੍ਰਤੀ ਨਜ਼ਰੀਆ ਜੱਗ ਜਾਹਿਰ ਹੋ ਗਿਆ ਹੈ। ਉਧਰ, ਕਾਂਗਰਸ ਲਈ ਵੀ ਵਜ਼ਾਰਤ ਵਾਧੇ ਦਾ ਮੁੱਦਾ ਦਲਿਤਾਂ ਨਾਲ ਜੁੜਨ ਕਰਕੇ ਮੁਸੀਬਤ ਵਧ ਗਈ ਹੈ।

 

ਦਰਅਸਲ ਕਾਂਗਰਸ ਆਗੂ ਇਸ ਕਰਕੇ ਵੀ ਜ਼ਿਆਦਾ ਫਿਕਰਮੰਦ ਹਨ ਕਿ 23 ਅਪਰੈਲ ਨੂੰ ਦਿੱਲੀ ਵਿੱਚ ਦਲਿਤ ਸੰਮੇਲਨ ਹੈ। ਇਸ ਮਗਰੋਂ 29 ਅਪਰੈਲ ਨੂੰ ਕਾਂਗਰਸ ਪਾਰਟੀ ਦਿੱਲੀ ਵਿੱਚ ਰੈਲੀ ਕਰ ਰਹੀ ਹੈ। ਦੋਵਾਂ ਪ੍ਰੋਗਰਾਮਾਂ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਿਰਕਤ ਕਰਨੀ ਹੈ। ਕਾਂਗਰਸ ਲੀਡਰਸ਼ਿਪ ਨੂੰ ਡਰ ਹੈ ਕਿ ਜੇਕਰ ਰੁੱਸੇ ਲੀਡਰ ਸ਼ਾਂਤ ਨਾ ਹੋਏ ਤਾਂ ਵਿਰੋਧੀਆਂ ਨੂੰ ਅਲੋਚਨਾ ਦਾ ਹੋਰ ਮੌਕਾ ਮਿਲ ਜਾਏਗਾ।

ਇਸ ਨੂੰ ਲੈ ਕੇ ਐਤਵਾਰ ਨੂੰ ਪੰਜਾਬ ਕਾਂਗਰਸ ਦੇ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਸਹਾਇਕ ਇੰਚਾਰਜ ਹਰੀਸ਼ ਚੌਧਰੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੀਟਿੰਗ ਕੀਤੀ। ਇਹ ਲੀਡਰ ਲਗਾਤਾਰ ਰੁੱਸਿਆਂ ਨਾਲ ਰਾਬਤਾ ਕਰ ਰਹੇ ਹਨ। ਕਾਂਗਰਸ ਦਾ ਤਰਕ ਹੈ ਕਿ ਅਣਸੂਚਿਤ ਜਾਤੀਆਂ ਦੇ ਕੁੱਲ 21 ਵਿਧਾਇਕ ਹਨ। ਇਨ੍ਹਾਂ ਵਿੱਚੋਂ ਬਾਲਮੀਕ ਤੇ ਰਾਮਦਾਸੀਆ ਭਾਈਚਾਰੇ ਦੇ 10-10 ਤੇ ਇੱਕ ਬਾਜ਼ੀਗਰ ਭਾਈਚਾਰੇ ਨਾਲ ਸਬੰਧਤ ਵਿਧਾਇਕ ਹਨ। ਵਜ਼ਾਰਤ ਵਿੱਚ ਬਾਲਮੀਕ ਭਾਈਚਾਰੇ ਵਿੱਚੋਂ ਕੋਈ ਵੀ ਮੰਤਰੀ ਨਹੀਂ ਲਿਆ ਗਿਆ। ਇਸ ਕਾਰਨ ਭਾਈਚਾਰੇ ਵਿੱਚ ਰੋਸ ਹੈ। ਉਂਝ, ਹੁਣ ਤਕ ਜਿੰਨੀਆਂ ਵੀ ਸਰਕਾਰਾਂ ਬਣੀਆਂ ਹਨ, ਉਨ੍ਹਾਂ ਵਿੱਚ ਬਾਲਮੀਕ ਭਾਈਚਾਰੇ ਵਿੱਚੋਂ ਮੰਤਰੀ ਜ਼ਰੂਰ ਬਣਿਆ ਹੈ।

ਇਸ ਵੇਲੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ, ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜ਼ੀਆਂ, ਰਣਦੀਪ ਨਾਭਾ, ਨਵਤੇਜ ਚੀਮਾ, ਨੱਥੂ ਰਾਮ, ਸੁਰਜੀਤ ਧੀਮਾਨ, ਗੁਰਕੀਰਤ ਕੋਟਲੀ ਨਾਰਾਜ਼ ਹਨ। ਕਾਂਗਰਸ ਹੁਣ ਵਜ਼ਾਰਤ ਤੋਂ ਬਾਹਰ ਰਹਿ ਗਏ ਵਿਧਾਇਕਾਂ ਨੂੰ ਬੋਰਡਾਂ ਤੇ ਕਾਰਪੋਰੇਸ਼ਨਾਂ ’ਚ ਥਾਂ ਦੇਣ ਦੀ ਯੋਜਨਾ ਬਣਾ ਰਹੀ ਹੈ।