ਗੁਰਦਾਸਪੁਰ: ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੇ ਵੱਖਰੇ ਹੀ ਅੰਦਾਜ਼ ਨਾਲ ਨਸ਼ੇ ਵਿਰੋਧੀ ਮੁਹਿੰਮ ਦੀ ਸ਼ੁਰੁਆਤ ਕੀਤੀ ਗਈ। ਸੇਖੜੀ ਨੇ ਨਸ਼ੇ ਵਿਰੋਧੀ ਟਰੈਕਟਰ ਰੈਲੀ ਕੱਢੀ ਗਈ। ਇਹ ਰੈਲੀ ਇੰਨੀ ਕੁ ਕਾਰਗਰ ਸੀ ਕਿ ਇਸ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਮੰਤਵ ਦੀ ਵੀ ਜਾਣਕਾਰੀ ਨਹੀਂ ਸੀ।
ਅਸ਼ਵਨੀ ਸੇਖੜੀ ਨੇ ਕਿਹਾ ਕਿ ਉਨ੍ਹਾਂ ਦੀ ਇਸ ਮੁਹਿੰਮ ਨਾਲ ਪੰਜਾਬ ਅਤੇ ਖਾਸ ਤੌਰ 'ਤੇ ਉਨ੍ਹਾਂ ਦੇ ਹਲਕੇ ਦੇ ਨੌਜ਼ਵਾਨ ਨਸ਼ੇ ਨੂੰ ਛੱਡਣਗੇ। ਉਥੇ ਹੀ ਦੂਸਰੇ ਪਾਸੇ ਇਸ ਰੈਲੀ 'ਚ ਸ਼ਾਮਿਲ ਹੋਣ ਆਏ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਬਹੁਤੇ ਲੋਕਾਂ ਨੂੰ ਇਹ ਜਾਣਕਾਰੀ ਹੀ ਨਹੀਂ ਸੀ ਕਿ ਉਹ ਇਸ ਰੈਲੀ 'ਚ ਕੀ ਕਰਨ ਆਏ ਹਨ। ਅਤੇ ਕੁਝ ਟਰੈਕਟਰ ਰੈਲੀ ਨਾਲ ਨਸ਼ੇ ਛੱਡਣ ਦੀ ਗੱਲ ਕਰਦੇ-ਕਰਦੇ ਖੁਦ ਹੀ ਹੱਸ ਪਏ।
ਬਟਾਲਾ ਦੇ ਸਾਬਕਾ ਵਧਾਇਕ ਅਸ਼ਵਨੀ ਸੇਖੜੀ ਨੇ ਕਿਹਾ ਕਿ ਵੱਖ-ਵੱਖ ਪਿੰਡਾਂ ਤੋਂ ਲੋਕ ਟਰੈਕਟਰਾਂ 'ਤੇ ਬਟਾਲਾ ਇਕੱਠੇ ਹੋਏ ਹਨ ਅਤੇ ਉਨ੍ਹਾਂ ਇੱਥੋਂ ਰੈਲੀ ਨੂੰ ਹਰੀ ਝੰਡੀ ਦਿੱਤੀ ਹੈ ਜੋ ਪਿੰਡ-ਪਿੰਡ ਜਾ ਕੇ ਨਸ਼ਿਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨਗੇ। ਜਦ ਸੇਖੜੀ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਟਰੈਕਟਰ ਰੈਲੀ ਨਾਲ ਕਿਵੇਂ ਲੋਕ ਜਾਗਰੂਕ ਹੋਣਗੇ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨਵੀਂ ਸ਼ੁਰੂਆਤ ਕੀਤੀ ਹੈ ਅਤੇ ਜਦ ਇਹ ਪਿੰਡਾਂ ਤੋਂ ਆਏ ਲੋਕ ਆਪਣੇ ਪਿੰਡਾਂ 'ਚ ਵਾਪਿਸ ਜਾਣਗੇ ਤਾਂ ਨਸ਼ਿਆਂ ਦੇ ਖ਼ਿਲਾਫ਼ ਹੋਕਾ ਦੇਣਗੇ ਜਿਸ ਨਾਲ ਲੋਕ ਨਸ਼ਾ ਮੁਕਤ ਹੋਣਗੇ। ਉਨ੍ਹਾਂ ਇਸ ਦੇ ਸਿਆਸੀ ਰੈਲੀ ਹੋਣ ਤੋਂ ਇਨਕਾਰ ਕੀਤਾ।