ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ 'ਚ ਉੱਠ ਰਹੀ ਤਬਦੀਲੀ ਦੀ ਮੰਗ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ਲਈ ਇਹ ਸਹੀ ਸਮਾਂ ਨਹੀਂ ਹੈ। ਦੱਸ ਦੇਈਏ ਕਿ 23 ਸੀਨੀਅਰ ਕਾਂਗਰਸੀ ਨੇਤਾਵਾਂ ਨੇ ਪਾਰਟੀ ਹਾਈ ਕਮਾਂਡ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਵੱਡੀ ਤਬਦੀਲੀ ਦੀ ਮੰਗ ਕੀਤੀ ਹੈ। ਇਨ੍ਹਾਂ ਨੇਤਾਵਾਂ ਵਿੱਚ 5 ਸਾਬਕਾ ਮੁੱਖ ਮੰਤਰੀ, ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ, ਸੰਸਦ ਮੈਂਬਰ ਤੇ ਸਾਰੇ ਸਾਬਕਾ ਕੇਂਦਰੀ ਮੰਤਰੀ ਸ਼ਾਮਲ ਹਨ।

ਇਨ੍ਹਾਂ ਕਾਂਗਰਸੀ ਲੀਡਰਾਂ ਦਾ ਮੰਨਣਾ ਹੈ ਕਿ ਕਾਂਗਰਸ ਪਾਰਟੀ ਪਿਛਲੇ 6 ਸਾਲਾਂ ਤੋਂ ਸੱਤਾ ਤੋਂ ਬਾਹਰ ਹੈ ਤੇ ਅੱਗੇ ਵੀ ਪਾਰਟੀ ਦਾ ਭਵਿੱਖ ਹਨੇਰੇ 'ਚ ਹੀ ਦਿਖਾਈ ਦੇ ਰਿਹਾ ਹੈ। ਇਸ ਲਈ ਸੀਨੀਅਰ ਲੀਡਰਾਂ ਨੇ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਪਾਰਟੀ ਵਿੱਚ ਮੁਕੰਮਲ ਤਬਦੀਲੀ ਲਿਆਉਣ ਲਈ ਕਿਹਾ ਹੈ।


ਇਹ ਵੀ ਪੜ੍ਹੋ: ਕਾਂਗਰਸ 'ਚ ਬਦਲਾਅ ਦੀ ਉੱਠੀ ਮੰਗ, 23 ਸੀਨੀਅਰ ਲੀਡਰਾਂ ਨੇ ਲਿਖੀ ਸੋਨੀਆ ਗਾਂਧੀ ਨੂੰ ਚਿੱਠੀ

ਅੰਗਰੇਜ਼ੀ ਅਖਬਾਰ 'ਇੰਡੀਅਨ ਐਕਸਪ੍ਰੈਸ' 'ਚ ਪ੍ਰਕਾਸ਼ਤ ਇੱਕ ਰਿਪੋਰਟ ਅਨੁਸਾਰ ਇਸ ਪੱਤਰ ਵਿਚਲੇ ਨੇਤਾਵਾਂ ਨੇ ਭਾਜਪਾ ਦੀ ਤਰੱਕੀ ਨੂੰ ਮੰਨਿਆ ਹੈ। ਉਨ੍ਹਾਂ ਮੰਨਿਆ ਹੈ ਕਿ ਨੌਜਵਾਨਾਂ ਨੇ ਨਰੇਂਦਰ ਮੋਦੀ ਨੂੰ ਫੈਸਲਾਕੁੰਨ ਵੋਟ ਦਿੱਤੀ ਸੀ। ਕਾਂਗਰਸ ਨੇ ਨੌਜਵਾਨਾਂ ਦਾ ਵਿਸ਼ਵਾਸ ਗੁਆ ਦਿੱਤਾ ਹੈ ਤੇ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ।



ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੀਡਰਸ਼ਿਪ ਤਬਦੀਲੀ ਦੀ ਮੰਗ ਨੂੰ ਗੱਲਤ ਕਰਾਰ ਦਿੰਦਿਆਂ ਕਿਹਾ  ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦੀ ਪ੍ਰਾਪਤ ਕਰਨ ਤੋਂ ਲੈ ਕੇ ਗਾਂਧੀ ਪਰਿਵਾਰ ਦੇ ਦੇਸ਼ ਦੀ ਤਰੱਕੀ ਵਿੱਚ ਵੱਡੇ ਯੋਗਦਾਨ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਇੱਕ ਅਜਿਹੀ ਲੀਡਰਸ਼ਿਪ ਦੀ ਜਰੂਰਤ ਹੈ ਜੋ ਸਿਰਫ ਕੁਝ ਲੋਕਾਂ ਲਈ ਹੀ ਨਹੀਂ ਬਲਕਿ ਪੂਰੀ ਪਾਰਟੀ ਤੇ ਵੱਡੇ ਪੱਧਰ 'ਤੇ ਦੇਸ਼ ਨੂੰ ਸਵੀਕਾਰ ਹੋਵੇ ਅਤੇ ਗਾਂਧੀ ਇਸ ਭੂਮਿਕਾ ਲਈ ਢੁਕਵੇਂ ਹਨ।




ਉਨ੍ਹਾਂ ਨੇ ਕਿਹਾ ਕਿ ਸੋਨੀਆ ਗਾਂਧੀ ਨੂੰ ਜਿੰਨਾ ਚਿਰ ਉਹ ਚਾਹੁੰਦੇ ਹਨ ਕਾਂਗਰਸ ਨੂੰ ਸੰਭਾਲਣਾ ਜਾਰੀ ਰੱਖਣਾ ਚਾਹੀਦਾ ਹੈ ਅਤੇ ਅੱਗੇ ਰਾਹੁਲ ਗਾਂਧੀ ਨੂੰ ਅਹੁਦਾ ਸੰਭਾਲਣਾ ਚਾਹੀਦਾ ਹੈ ਕਿਉਂਕਿ ਉਹ ਪਾਰਟੀ ਦੀ ਅਗਵਾਈ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹਨ। ਕੈਪਟਨ ਨੇ ਕਿਹਾ ਕਿ ਚੋਣਾਂ 'ਚ ਹਾਰ ਲੀਡਰਸ਼ਿਪ ਤਬਦੀਲੀ ਲਈ ਕਾਰਨ ਨਹੀਂ ਹੋ ਸਕਦੀਆਂ।