ਕਾਂਗਰਸੀ ਵਿਧਾਇਕ ਦਾ 19.85 ਲੱਖ ਦਾ ਬਿਜਲੀ ਬਿੱਲ ਮਾਫ, ਅਕਾਲੀ ਦਲ ਨੇ ਕਹੀ ਵੱਡੀ ਗੱਲ
ਕਾਂਗਰਸ ਸਰਕਾਰ ਵੱਲੋਂ ਬਿਜਲੀ ਦਰਾਂ ਘਟਾਉਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਹਮਲਾਵਰ ਰੁਖ ਅਪਣਾਇਆ ਹੈ। ਅਕਾਲੀ ਦਲ ਨੇ ਬਿਜਲੀ ਬਿੱਲਾਂ ਬਾਰੇ ਫੇਸਬੁੱਕ ਉੱਪਰ ਲਗਾਤਾਰ ਪੋਸਟਾਂ ਪਾ ਕੇ ਕਾਂਗਰਸ ਸਰਕਾਰ ਨੂੰ ਘੇਰਿਆ ਹੈ।
ਚੰਡੀਗੜ੍ਹ: ਕਾਂਗਰਸ ਸਰਕਾਰ ਵੱਲੋਂ ਬਿਜਲੀ ਦਰਾਂ ਘਟਾਉਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਹਮਲਾਵਰ ਰੁਖ ਅਪਣਾਇਆ ਹੈ। ਅਕਾਲੀ ਦਲ ਨੇ ਬਿਜਲੀ ਬਿੱਲਾਂ ਬਾਰੇ ਫੇਸਬੁੱਕ ਉੱਪਰ ਲਗਾਤਾਰ ਪੋਸਟਾਂ ਪਾ ਕੇ ਕਾਂਗਰਸ ਸਰਕਾਰ ਨੂੰ ਘੇਰਿਆ ਹੈ।
ਅਕਾਲੀ ਦਲ ਨੇ ਇੱਕ ਪੋਸਟ ਪਾ ਕੇ ਕਿਹਾ ਹੈ ਕਿ ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ 19.85 ਲੱਖ ਰੁਪਏ ਦਾ ਬਿਜਲੀ ਬਿੱਲ ਮੁਆਫ਼ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਬਿਜਲੀ ਵਿਭਾਗ ਦੇ ਇੱਕ ਐੱਸਡੀਓ ਨੂੰ ਧਮਕੀਆਂ ਦਿੱਤੇ ਜਾਣ ਦਾ ਵੀਡੀਓ ਵੀ ਵਾਇਰਲ ਹੋ ਚੁੱਕਿਆ ਹੈ। ਮੁੱਖ ਮੰਤਰੀ ਚੰਨੀ ਵੱਲੋਂ 2 ਕਿਲੋਵਾਟ ਤੱਕ ਦੇ ਬਿਜਲੀ ਲੋਡ ਲਈ ਬਿਲਾਂ 'ਚ ਦਿੱਤੀ ਛੂਟ ਦਾ ਗ਼ਰੀਬਾਂ ਨੂੰ ਭਾਵੇਂ ਨਾ-ਮਾਤਰ ਹੀ ਫ਼ਾਇਦਾ ਹੋਵੇ, ਪਰ ਕਾਂਗਰਸੀ ਵਿਧਾਇਕਾਂ ਨੂੰ ਜ਼ਰੂਰ ਇਸ ਦਾ ਪੂਰਾ ਫ਼ਾਇਦਾ ਹੋ ਰਿਹਾ ਹੈ।
ਦਰਅਸਲ ਪੰਜਾਬ ਦੀ ਸਿਆਸਤ ਹੁਣ ਬਿਜਲੀ 'ਤੇ ਕੇਂਦਰਤ ਹੋ ਗਈ ਹੈ। ਆਮ ਆਦਮੀ ਪਾਰਟੀ ਵੱਲੋਂ ਮਹਿੰਗੀ ਬਿਜਲੀ ਦਾ ਮੁੱਦਾ ਉਭਾਰਨ ਮਗਰੋਂ ਕਾਂਗਰਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਹੀ ਬਿਜਲੀ ਦਰਾਂ ਘਟਾ ਦਿੱਤੀਆਂ ਹਨ। ਕਾਂਗਰਸ ਦੇ ਐਲਾਨ ਮਗਰੋਂ ਹੁਣ ਅਕਾਲੀ ਦਲ ਨੇ ਪੰਜਾਬ ਦੀ ਜਨਤਾ ਵੱਡਾ ਵਾਅਦਾ ਕੀਤਾ ਹੈ। ਅਕਾਲੀ ਦਲ ਨੇ 800 ਯੂਨਿਟ (ਪ੍ਰਤੀ ਮਹੀਨਾ 400) ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਫੇਸਬੁੱਕ ਉੱਪਰ ਪੋਸਟ ਸ਼ੇਅਰ ਕਰਦਿਆਂ ਕਿਹਾ ਹੈ ਕਿ ਜਿਸ ਕਾਂਗਰਸ ਨੇ ਹਮੇਸ਼ਾ ਪੰਜਾਬ ਨੂੰ ਉਜਾੜੇ ਵੱਲ ਧੱਕਿਆ ਹੈ, ਜਿਸ ਦੇ ਪੌਣੇ ਪੰਜ ਸਾਲ ਦੇ ਰਾਜ ਦੌਰਾਨ ਅਕਾਲੀ ਸਰਕਾਰ ਦੇ ਮੁਕਾਬਲੇ 35% ਮਹਿੰਗੀ ਹੋਈ ਬਿਜਲੀ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਅੱਜ ਉਹੀ ਕਾਂਗਰਸ ਚੋਣਾਂ ਨੇੜੇ ਆ ਚੁਣਾਵੀਂ ਜੁਮਲੇ ਤਹਿਤ ਮੁੜ ਲੋਕਾਂ ਨੂੰ ਮੂਰਖ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।