ਪੰਜਾਬ 'ਚ ਮੁੜ ਕੋਰੋਨਾ ਦਾ ਖ਼ਤਰਾ! ਮਾਸਕ ਪਾਉਣ ਦੇ ਨਾਲ-ਨਾਲ ਸਮਾਜਿਕ ਦੂਰੀ 'ਤੇ ਪ੍ਰਸ਼ਾਸਨ ਸਖ਼ਤ
ਕੋਰੋਨਾ ਦੇ ਵੱਧਦੇ ਖ਼ਤਰੇ ਨੂੰ ਭਾਂਪਦੇ ਹੋਏੇ ਪ੍ਰਸ਼ਾਸਨ ਇਕ ਵਾਰ ਫਿਰ ਤੋਂ ਸਖ਼ਤ ਹੈ।ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਐਡਵਾਈਜ਼ਰੀ ਜਾਰੀ ਕਰਕੇ ਮਾਸਕ ਪਾਉਣ ਦੀ ਹਿਦਾਇਤ ਦਿੱਤੀ ਗਈ ਸੀ।
ਬਠਿੰਡਾ: ਕੋਰੋਨਾ ਦੇ ਵੱਧਦੇ ਖ਼ਤਰੇ ਨੂੰ ਭਾਂਪਦੇ ਹੋਏੇ ਪ੍ਰਸ਼ਾਸਨ ਇਕ ਵਾਰ ਫਿਰ ਤੋਂ ਸਖ਼ਤ ਹੈ।ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਐਡਵਾਈਜ਼ਰੀ ਜਾਰੀ ਕਰਕੇ ਮਾਸਕ ਪਾਉਣ ਦੀ ਹਿਦਾਇਤ ਦਿੱਤੀ ਗਈ ਸੀ।ਹੁਣ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਵੀ ਮਾਸਕ ਪਾਉਣ 'ਤੇ ਜ਼ੋਰ ਦਿੱਤਾ ਹੈ।
ਡਿਪਟੀ ਕਮਿਸ਼ਨਰ ਨੇ ਮਹਾਂਮਾਰੀ ਰੋਗ ਐਕਟ, 1897 ਦੀ ਧਾਰਾ 2 ਦੇ ਅਧੀਨ ਪ੍ਰਦਾਨ ਕੀਤੀ ਗਈ ਸ਼ਕਤੀ ਦੀ ਵਰਤੋਂ ਕਰਦਿਆਂ, ਆਫ਼ਤ ਪ੍ਰਬੰਧਨ ਐਕਟ, 2005 ਦੇ ਹੋਰ ਸਾਰੇ ਯੋਗ ਉਪਬੰਧਾਂ ਨੂੰ ਧਿਆਨ ਵਿਚ ਰੱਖਦੇ ਹੋਏ ਤੁਰੰਤ ਪ੍ਰਭਾਵ ਨਾਲ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਮੁੱਖ ਸਕੱਤਰ ਪੰਜਾਬ ਸਰਕਾਰ, ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ, ਚੰਡੀਗੜ ਵੱਲੋਂ ਜਾਰੀ ਪੱਤਰ ਵਿੱਚ ਦਰਜ ਹਦਾਇਤਾਂ ਦੇ ਮੱਦੇਨਜਰ ਇਹ ਸਾਹਮਣੇ ਆਇਆ ਹੈ ਕਿ ਪਾਜ਼ੀਟਿਵ ਕੇਸਾਂ ਦੀ ਗਿਣਤੀ ਅਤੇ ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ।
ਜਾਰੀ ਹੁਕਮਾਂ ਵਿਚ ਉਨ੍ਹਾਂ ਕਿਹਾ ਕਿ ਸਾਰੇ ਵਿੱਦਿਅਕ ਅਦਾਰਿਆਂ, ਸਰਕਾਰੀ ਅਤੇ ਨਿੱਜੀ ਦਫਤਰਾਂ ਅਤੇ ਇਨਡੋਰ ਆਊਟਡੋਰ ਇਕੱਠਾਂ, ਮਾਲਾਂ, ਜਨਤਕ ਸਥਾਨਾਂ ’ਤੇ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਣ ਅਤੇ ਹਰੇਕ ਵਿਅਕਤੀ ਦੀ ਤੰਦਰੁਸਤੀ ਲਈ ਮਾਸਕ ਪਹਿਨਣ ਨੂੰ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਨੇ ਕਿਹਾ ਕੋਵਿਡ-19 ਤੋਂ ਬਚਾਅ ਸਬੰਧੀ ਜਾਰੀ ਹਦਾਇਤਾਂ ਜਿਵੇਂ ਕਿ ਸਮਾਜਿਕ ਦੂਰੀ, ਜਨਤਕ ਸਥਾਨਾਂ ‘ਤੇ ਨਾ ਥੁੱਕਣਾ ਆਦਿ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਕੋਵਿਡ-19 ਦੇ ਲੱਛਣਾਂ ਵਾਲੇ ਕਿਸੇ ਵੀ ਵਿਅਕਤੀ ਨੂੰ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਕਰਨੀ ਚਾਹੀਦੀ ਹੈ।
ਉਨਾਂ ਨੇ ਅੱਗੇ ਕਿਹਾ ਕਿ ਕੋਵਿਡ-19 ਲਈ ਟੈਸਟਿੰਗ ਕਰਨ ਵਾਲੇ ਸਾਰੇ ਹਸਪਤਾਲ, ਲੈਬ ਕੁਲੈਕਸਨ ਸੈਂਟਰ ਨੈਗੇਟਿਵ ਪਾਜ਼ੀਟਿਵ ਟੈਸਟਾਂ ਦੀ ਡਿਟੇਲ ਪੰਜਾਬ ਸਰਕਾਰ ਦੇ ਕੋਵਾ ਪੋਰਟਲ ’ਤੇ ਅਪਲੋਡ ਕਰਨ। ਇਸ ਦੇ ਨਾਲ ਹੀ ਮੁਕੰਮਲ ਟੈਸਟਾਂ ਦੀ ਸੂਚੀ ਜ਼ਿਲ੍ਹੇ ਦੇ ਕੋਵਿਡ-19 ਸੈੱਲ ਵਿਖੇ ਵੀ ਦੇਣ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੀ ਕੋਵਿਡ-19 ਵੈਕਸੀਨ ਦੀ ਦੂਜੀ ਜਾਂ ਤੀਜੀ ਡੋਜ਼ ਲੈਣੀ ਬਾਕੀ ਹੈ, ਉਨਾਂ ਨੂੰ ਇਹ ਡੋਜ਼ ਜਲਦ ਤੋਂ ਜਲਦੀ ਲਗਵਾਉਣੀ ਚਾਹੀਦੀ ਹੈ।