ਚੰਡੀਗੜ੍ਹ: ਲੁਧਿਆਣਾ ਜ਼ਿਲ੍ਹੇ ਨੂੰ ਕੋਰੋਨਾ ਦੀ ਸਭ ਤੋਂ ਵੱਡੀ ਮਾਰ ਪਈ ਹੈ। ਇਸ ਵੇਲੇ ਸਭ ਤੋਂ ਕੇਸ ਇਸੇ ਜ਼ਿਲ੍ਹੇ ਵਿੱਚ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਪੌਜ਼ੇਟਿਵ ਕੇਸਾਂ ਦੀ ਗਿਣਤੀ 1632 ਹੋ ਗਈ ਹੈ ਜਦੋਂਕਿ 39 ਮੌਤਾਂ ਹੋਈਆਂ ਹਨ। ਲੁਧਿਆਣਾ ਵਿੱਚ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਸਭ ਤੋਂ ਵੱਧ ਹੈ ਜਿਨ੍ਹਾਂ ਕੋਲ ਰਹਿਣ-ਸਹਿਣ ਦੇ ਵੀ ਢੁੱਕਵੇਂ ਪ੍ਰਬੰਧ ਨਹੀਂ ਹਨ। ਇਸ ਲਈ ਸਰਕਾਰ ਵੀ ਫਿਕਰਮੰਦ ਹੈ। ਉਧਰ, ਦੂਸਰੇ ਨੰਬਰ 'ਤੇ ਜਲੰਧਰ ਜ਼ਿਲ੍ਹਾ ਹੈ ਜਿੱਥੇ 1467 ਪੌਜ਼ੇਟਿਵ ਕੇਸ ਮਿਲੇ ਹਨ ਤੇ 33 ਮੌਤਾਂ ਹੋ ਚੁੱਕੀਆਂ ਹਨ।


ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਪ੍ਰਤੀ ਮਿਲੀਅਨ ਦੇ ਹਿਸਾਬ ਨਾਲ ਮੌਤਾਂ ਦਾ ਅੰਕੜਾ 7.7 ਪ੍ਰਤੀ ਮਿਲੀਅਨ ਤੱਕ ਵਧਣ ਦੇ ਮੱਦੇਨਜ਼ਰ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਕੰਟੇਨਮੈਂਟ ਤੇ ਮਾਈਕਰੋ ਕੰਟੇਨਮੈਂਟ ਜ਼ੋਨਾਂ ਦੀ ਪਛਾਣ ਛੇਤੀ ਤੋਂ ਛੇਤੀ ਕੀਤੀ ਜਾਵੇ। ਸੂਬੇ ਵਿੱਚ ਮੌਜੂਦਾ ਸਮੇਂ 12 ਜ਼ਿਲ੍ਹਿਆਂ ਵਿੱਚ 38 ਮਾਈਕਰੋ ਤੇ ਛੇ ਜ਼ਿਲ੍ਹਿਆਂ ਵਿੱਚ ਸੱਤ ਕੰਟੇਨਮੈਂਟ ਜ਼ੋਨ ਹਨ। ਮੁੱਖ ਮੰਤਰੀ ਨੇ ਟੈਸਟਿੰਗ ਵਿੱਚ ਵਾਧਾ ਕਰਨ ’ਤੇ ਵੀ ਜ਼ੋਰ ਦਿੱਤਾ ਹੈ।

ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਕਿਹਾ ਕਿ ਤਾਜ਼ਾ-ਤਰੀਨ ਦਿਸ਼ਾ-ਨਿਰਦੇਸ਼ਾਂ ਖ਼ਾਸ ਕਰਕੇ ਪੰਜ ਤੋਂ ਵੱਧ ਵਿਅਕਤੀਆਂ ਨੂੰ ਇਕੱਠੇ ਹੋਣ ਤੋਂ ਰੋਕਣ ਦੇ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਮੁੱਖ ਮੰਤਰੀ ਨੇ ਤਸੱਲੀ ਜ਼ਾਹਿਰ ਕੀਤੀ ਕਿ ਅੰਮ੍ਰਿਤਸਰ ’ਚ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ, ਸਰਕਾਰੀ ਮੈਡੀਕਲ ਕਾਲਜ, ਕਮਿਊਨਿਟੀ ਮੈਡੀਸਨ ਵਿਭਾਗ, ਸਿਹਤ ਵਿਭਾਗ ਤੇ ਹੋਰਨਾਂ ਮਾਹਿਰਾਂ ਵੱਲੋਂ ਕੀਤੇ ਕੰਮ ਦੇ ਚੰਗੇ ਸਿੱਟੇ ਮਿਲ ਰਹੇ ਹਨ। ਉਨ੍ਹਾਂ ਇਸ ਕੰਮ ਵਿੱਚ ਮੋਹਰੀ ਭੂਮਿਕਾ ਨਿਭਾਉਣ ਲਈ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਤੇ ਕਮਿਸ਼ਨਰ ਆਫ ਪੁਲਿਸ ਦੀ ਵੀ ਸ਼ਲਾਘਾ ਕੀਤੀ।