ਕੋਰੋਨਾ ਨੇ ਵਿਗਾੜੇ ਪੰਜਾਬ ਦੇ ਹਾਲਾਤ, ਹੁਣ 13 ਜ਼ਿਲ੍ਹੇ ਰੈੱਡ ਜ਼ੋਨ 'ਚ ਆਏ
ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਸੰਖਿਆਂ ਵਧਣ 'ਤੇ ਪੰਜਾਬ ਕੈਬਨਿਟ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ। ਸਰਕਾਰ ਨੇ ਹੁਣ ਫੈਸਲਾ ਲਿਆ ਹੈ ਕਿ ਕੋਈ ਵੀ ਪੰਜਾਬੀ ਜੋ ਦੂਜੇ ਸੂਬਿਆਂ ਤੋਂ ਪਰਤਿਆ ਹੈ ਬੇਸ਼ੱਕ ਉਸ ਦਾ ਪਹਿਲਾ ਟੈਸਟ ਹੋ ਚੁੱਕਾ ਹੋਵੇ ਉਸ ਦਾ ਵੀ ਟੈਸਟ ਕਰਾਇਆ ਜਾਵੇਗਾ।
ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ 'ਚ ਨਾਂਦੇੜ ਤੇ ਬਾਹਰੀ ਸੂਬਿਆਂ ਤੋਂ ਲੋਕਾਂ ਦੇ ਵਾਪਸ ਪਰਤਣ ਮਗਰੋਂ ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸ਼ਨੀਵਾਰ ਪਹਿਲੀ ਵਾਰ ਇੱਕ ਦਿਨ 'ਚ 272 ਇਕੱਠੇ ਕੇਸ ਆਏ। ਇਸ ਤੋਂ ਬਾਅਦ ਸੂਬੇ 'ਚ 13 ਜ਼ਿਲ੍ਹੇ ਰੈੱਡ ਜ਼ੋਨ 'ਚ ਆ ਗਏ ਹਨ।
ਹਾਸਲ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ 'ਚ 72, ਅੰਮ੍ਰਿਤਸਰ 'ਚ 63, ਬਠਿੰਡਾ ਚ 33, ਗੁਰਦਾਸਪੁਰ 'ਚ 25, ਲੁਧਿਆਣਾ 'ਚ 19, ਫਤਹਿਗੜ੍ਹ ਸਾਹਿਬ 'ਚ ਚਾਰ, ਮੋਗਾ 'ਚ 21, ਜਲੰਧਰ 'ਚ 16, ਮੁਹਾਲੀ 'ਚ ਇੱਕ, ਮਾਨਸਾ ਤੇ ਮੁਕਤਸਰ 'ਚ 3-3, ਸੰਗਰੂਰ 'ਚ ਚਾਰ, ਬਰਨਾਲਾ 'ਚ ਦੋ, ਰੋਪੜ 'ਚ ਇੱਕ ਤੇ ਨਵਾਂਸ਼ਹਿਰ 'ਚ ਪੰਜ ਕੇਸ ਆਏ ਹਨ। ਇਨ੍ਹਾਂ 'ਚੋਂ 228 ਸ਼ਰਧਾਲੂ ਹਨ ਜੋ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਹਨ। ਇਸ ਤੋਂ ਇਲਾਵਾ ਹੈਲਥ ਵਿਭਾਗ ਦੇ ਛੇ ਮੁਲਾਜ਼ਮ ਵੀ ਪੌਜ਼ਟਿਵ ਪਾਏ ਗਏ ਹਨ ਤੇ 33 ਹੋਰ ਹਨ। ਪੌਜ਼ੇਟਿਵ ਮਰੀਜ਼ਾਂ ਦਾ ਅੰਕੜਾ 981 'ਤੇ ਪਹੁੰਚ ਗਿਆ ਹੈ।
ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਸੰਖਿਆਂ ਵਧਣ ਤੇ ਪੰਜਾਬ ਕੈਬਨਿਟ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ। ਸਰਕਾਰ ਨੇ ਹੁਣ ਫੈਸਲਾ ਲਿਆ ਹੈ ਕਿ ਕੋਈ ਵੀ ਪੰਜਾਬੀ ਜੋ ਦੂਜੇ ਸੂਬਿਆਂ ਤੋਂ ਪਰਤਿਆ ਹੈ ਬੇਸ਼ੱਕ ਉਸ ਦਾ ਪਹਿਲਾ ਟੈਸਟ ਹੋ ਚੁੱਕਾ ਹੋਵੇ ਉਸ ਦਾ ਵੀ ਟੈਸਟ ਕਰਾਇਆ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ 15 ਮਈ ਤਕ ਰੋਜ਼ਾਨਾ ਛੇ ਹਜ਼ਾਰ ਆਰਟੀਪੀਸੀਆਰ ਟੈਸਟਿੰਗ ਕਰਨ ਦੇ ਹੁਕਮ ਦਿੱਤੇ ਹਨ।
ਮਈ ਦੇ ਅੰਤ ਤਕ ਰੋਜ਼ਾਨਾ 5,800 ਟੈਸਟਾਂ ਦਾ ਟੀਚਾ ਤੈਅ ਕੀਤਾ ਗਿਆ ਸੀ। ਕੈਪਟਨ ਨੇ ਕਿਹਾ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਉਪ ਕੁਲਪਤੀ ਨੂੰ ਜਲੰਧਰ 'ਚ ਕੋਰੋਨਾ ਟੈਸਟ ਜਾਂਚ ਦੀ ਵਿਵਸਥਾ ਸਥਾਪਤ ਕਰਨ ਦੀ ਸੰਭਾਵਨਾ ਲੱਭਣ ਲਈ ਕਿਹਾ ਹੈ।