Corona Night Curfew: ਪੰਜਾਬ 'ਚ ਕੋਰੋਨਾ ਕਰਫਿਊ ਖ਼ਤਮ, ਜਾਣੋ ਨਵੀਂ ਹਿਦਾਇਤਾਂ
Punjab Corona Curfew: ਪੰਜਾਬ ਵਿੱਚ ਕੋਰੋਨਾ ਨਾਈਟ ਕਰਫਿਊ ਅਤੇ ਵੀਕੈਂਡ ਕਰਫਿਊ ਸੋਮਵਾਰ ਤੋਂ ਖਤਮ ਹੋ ਗਏ ਹਨ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਨਾਈਟ ਕਰਫਿਊ ਅਤੇ ਵੀਕੈਂਡ ਕਰਫਿਊ ਸੋਮਵਾਰ ਤੋਂ ਖਤਮ ਹੋ ਗਏ ਹਨ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਕਾਲਜ ਅਤੇ ਕੋਚਿੰਗ ਸੈਂਟਰ ਖੁੱਲ੍ਹਣ ਦਾ ਐਲਾਨ ਕਰ ਦਿੱਤਾ ਹੈ। ਜਿਸ ਤਹਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਘੱਟੋ ਘੱਟ ਕੋਰੋਨਾ ਵੈਕਸੀਨ ਦੀ ਇੱਕ ਡੋਜ਼ 15 ਦਿਨਾਂ ਪਹਿਲਾਂ ਲੱਗੀ ਹੋਣੀ ਚਾਹੀਦੀ ਹੈ।
ਇਸ ਦੇ ਨਾਲ ਹੀ ਸੂਬੇ ਦੇ ਸਕੂਲ ਅਜੇ ਬੰਦ ਰਹਿਣਗੇ। ਇਨਡੋਰ 100 ਲੋਕ ਇਕੱਠੇ ਹੋ ਸਕਦੇ ਹਨ ਅਤੇ ਆਊਟ ਡੋਰ ਲਈ 200 ਲੋਕਾਂ ਦੇ ਇਕੱਠ ਦੀ ਇਜਾਜ਼ਤ ਦਿੱਤੀ ਗਈ ਹੈ। ਨਾਲ ਹੀ ਕੋਵਿਡ ਨਿਯਮਾਂ ਨੂੰ ਤੋੜਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਦੀ ਸਮੀਖਿਆ ਕਰਦਿਆਂ ਇਹ ਫੈਸਲਾ ਲਿਆ। ਇਸਦੇ ਨਾਲ ਹੀ ਰਾਜ ਵਿੱਚ ਸਾਰੇ ਬਾਰ, ਰੈਸਟੋਰੈਂਟ, ਸਿਨੇਮਾ ਹਾਲ, ਸਵੀਮਿੰਗ ਪੂਲ, ਮਾਲ, ਸਪੋਰਟਸ ਕੰਪਲੈਕਸ ਆਦਿ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।
ਸੂਬੇ ਵਿੱਚ ਕੋਰੋਨਾ ਦੀ ਪਾਜ਼ੀਟਿਵਿਟੀ ਦਰ 0.4 ਫੀਸਦੀ 'ਤੇ ਆ ਗਈ ਹੈ, ਜਿਸ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਵੀਕੈਂਡ ਅਤੇ ਨਾਈਟ ਕਰਫਿਊ ਹਟਾਉਣ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਡੀਜੀਪੀ ਨੂੰ ਰੈਲੀਆਂ ਅਤੇ ਲੀਡਰਾਂ ਵਲੋਂ ਕੋਵਿਡ ਨਿਯਮ ਉਲੰਘਣਾ ਕਰਨ 'ਤੇ ਚਲਾਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾ, ਪੂਲ, ਜਿੰਮ, ਮਾਲ, ਸਪੋਰਟਸ ਕੰਪਲੈਕਸ, ਅਜਾਇਬ ਘਰ, ਚਿੜੀਆਘਰ ਆਦਿ ਖੋਲ੍ਹਣ ਦੇ ਵੀ ਆਦੇਸ਼ ਦਿੱਤੇ। ਇਥੇ ਸਾਰੇ ਯੋਗ ਸਟਾਫ ਮੈਂਬਰਾਂ ਅਤੇ ਸੈਲਾਨੀਆਂ ਨੂੰ ਟੀਕੇ ਦੀ ਘੱਟੋ-ਘੱਟ ਇੱਕ ਖੁਰਾਕ ਲੈਣੀ ਜ਼ਰੂਰੀ ਹੈ। ਹਾਲਾਂਕਿ ਸਕੂਲ ਬੰਦ ਰਹਿਣਗੇ।
ਨਾਲ ਹੀ ਕਾਲਜ, ਕੋਚਿੰਗ ਸੈਂਟਰ ਅਤੇ ਉੱਚ ਸਿੱਖਿਆ ਦੇ ਸਾਰੇ ਹੋਰ ਅਦਾਰਿਆਂ ਨੂੰ ਸਬੰਧਤ ਡਿਪਟੀ ਕਮਿਸ਼ਨਰ ਦੁਆਰਾ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਏਗੀ। ਪਰ ਇੱਕ ਪ੍ਰਮਾਣ ਪੱਤਰ ਦੇ ਅਧੀਨ ਸਾਰੇ ਟੀਚਿੰਗ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਨੂੰ ਘੱਟੋ ਘੱਟ 2 ਹਫ਼ਤੇ ਪਹਿਲਾਂ ਟੀਕੇ ਦੀ ਇੱਕ ਖੁਰਾਕ ਦਿੱਤੀ ਹੋਣੀ ਲਾਜ਼ਮੀ ਹੈ।
ਨਾਲ ਮੁੱਖ ਮੰਤਰੀ ਨੇ ਕੋਵਿਡ ਸਥਿਤੀ ਦੀ ਅਸਲ ਵਿੱਚ ਨਜ਼ਰਸਾਨੀ ਕਰਦਿਆਂ ਕਿਹਾ ਕਿ 20 ਜੁਲਾਈ ਨੂੰ ਫਿਰ ਸਥਿਤੀ ਦੀ ਸਮੀਖਿਆ ਕੀਤੀ ਜਾਏਗੀ। ਪਾਬੰਦੀਆਂ ਵਿੱਚ ਢਿੱਲ ਦੇਣ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਮਾਸਕਾਂ ਦੀ ਸਖਤ ਵਰਤੋਂ ਹਰ ਸਮੇਂ ਯਕੀਨੀ ਬਣਾਉਣ ਦੀਆਂ ਹਿਦਾਇਤਾਂ ਦਿੱਤੀਆਂ।
ਇਹ ਵੀ ਪੜ੍ਹੋ: Monsoon in Delhi: 24 ਘੰਟਿਆਂ ਵਿੱਚ ਦਿੱਲੀ-ਐਨਸੀਆਰ ਵਿੱਚ ਦਸਤਕ ਦੇਵੇਗਾ ਮੌਨਸੂਨ, ਹਲਕੀ ਬਾਰਸ਼ ਦੀ ਭਵਿੱਖਬਾਣੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904