ਪੰਜਾਬ 'ਚ ਕੋਰੋਨਾ ਹੋਇਆ ਬੇਕਾਬੂ: ਮੁਹਾਲੀ-ਬਠਿੰਡਾ 'ਚ ਹਰ ਦੂਜਾ ਤੇ ਸੂਬੇ 'ਚ ਹਰ 5ਵਾਂ ਵਿਅਕਤੀ ਪੌਜ਼ੇਟਿਵ
ਸਰਕਾਰੀ ਅੰਕੜਿਆਂ ਮੁਤਾਬਕ ਸ਼ਨੀਵਾਰ ਨੂੰ 24 ਘੰਟਿਆਂ 'ਚ 7 ਹਜ਼ਾਰ ਮਰੀਜ਼ ਮਿਲੇ ਹਨ। 22 ਲੋਕਾਂ ਦੀ ਮੌਤ ਹੋ ਗਈ। ਪੰਜਾਬ ਦੀ ਪੌਜ਼ੇਟਿਵਿਟੀ ਦਰ 19.46% ਹੈ। ਇਸ ਦਾ ਮਤਲਬ ਹਰ 5ਵਾਂ ਵਿਅਕਤੀ ਕੋਰੋਨਾ ਪੌਜ਼ੇਟਿਵ ਹੋ ਰਿਹਾ ਹੈ।
ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਨੇ ਮੁੜ ਰਫ਼ਤਾਰ ਫੜ ਲਈ ਹੈ। ਮੁਹਾਲੀ ਤੇ ਬਠਿੰਡਾ 'ਚ ਹਾਲਾਤ ਇਸ ਹੱਦ ਤੱਕ ਵਿਗੜ ਚੁੱਕੇ ਹਨ ਕਿ ਇੱਥੇ ਹਰ ਦੂਜਾ ਵਿਅਕਤੀ ਪੌਜ਼ੇਟਿਵ ਮਿਲ ਰਿਹਾ ਹੈ। ਇਨ੍ਹਾਂ ਦੋਵਾਂ ਥਾਵਾਂ 'ਤੇ ਪੌਜ਼ੇਟਿਵਿਟੀ ਦਰ ਲਗਪਗ 50% ਪਾਈ ਗਈ ਹੈ। ਲੁਧਿਆਣਾ, ਪਟਿਆਲਾ, ਰੋਪੜ ਤੇ ਬਰਨਾਲਾ 'ਚ ਹਰ ਚੌਥਾ ਵਿਅਕਤੀ ਪੌਜ਼ੇਟਿਵ ਆ ਰਿਹਾ ਹੈ। ਚੋਣਾਂ ਕਰਕੇ ਹਾਲਾਤ ਹੋਰ ਗੰਭੀਰ ਹੋਣ ਦਾ ਖਦਸ਼ਾ ਹੈ।
ਸਰਕਾਰੀ ਅੰਕੜਿਆਂ ਮੁਤਾਬਕ ਸ਼ਨੀਵਾਰ ਨੂੰ 24 ਘੰਟਿਆਂ 'ਚ 7 ਹਜ਼ਾਰ ਮਰੀਜ਼ ਮਿਲੇ ਹਨ। 22 ਲੋਕਾਂ ਦੀ ਮੌਤ ਹੋ ਗਈ। ਪੰਜਾਬ ਦੀ ਪੌਜ਼ੇਟਿਵਿਟੀ ਦਰ 19.46% ਹੈ। ਇਸ ਦਾ ਮਤਲਬ ਹਰ 5ਵਾਂ ਵਿਅਕਤੀ ਕੋਰੋਨਾ ਪੌਜ਼ੇਟਿਵ ਹੋ ਰਿਹਾ ਹੈ। ਸਿਹਤ ਮਾਹਿਰ ਇਸ ਨੂੰ ਖਤਰੇ ਦੀ ਘੰਟੀ ਦੱਸ ਰਹੇ ਹਨ ਪਰ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਨੇ ਅਜੇ ਜ਼ਿਆਦਾ ਮਾਰ ਨਹੀਂ ਕੀਤੀ।
ਅੰਕੜਿਆਂ ਮੁਤਾਬਕ ਲੁਧਿਆਣਾ ਤੇ ਪਟਿਆਲਾ 'ਚ ਕੋਰੋਨਾ ਮਰੀਜ਼ਾਂ ਦੀ ਲਗਾਤਾਰ ਮੌਤ ਹੋ ਰਹੀ ਹੈ। 15 ਜਨਵਰੀ ਨੂੰ ਲੁਧਿਆਣਾ 'ਚ 7 ਮਰੀਜ਼ਾਂ ਦੀ ਮੌਤ ਹੋਈ ਸੀ। 14 ਜਨਵਰੀ ਨੂੰ ਵੀ ਇੱਥੇ 5 ਲੋਕਾਂ ਦੀ ਮੌਤ ਹੋਈ ਸੀ। ਸ਼ਨੀਵਾਰ ਨੂੰ ਇੱਥੇ 15 ਮਰੀਜ਼ਾਂ ਨੂੰ ਆਈਸੀਯੂ 'ਚ ਦਾਖਲ ਕਰਵਾਉਣਾ ਪਿਆ ਸੀ। ਪਟਿਆਲਾ 'ਚ 14 ਜਨਵਰੀ ਨੂੰ 6 ਤੇ 15 ਜਨਵਰੀ ਨੂੰ 2 ਲੋਕਾਂ ਦੀ ਮੌਤ ਹੋ ਗਈ ਸੀ। ਅੰਮ੍ਰਿਤਸਰ ਤੇ ਜਲੰਧਰ 'ਚ ਵੀ ਕੋਰੋਨਾ ਦੇ ਮਰੀਜ਼ਾਂ ਦੀ ਲਗਾਤਾਰ ਮੌਤ ਹੋ ਰਹੀ ਹੈ।
ਪੰਜਾਬ 'ਚ 684 ਲੋਕ ਲਾਈਫ਼ ਸੇਵਿੰਗ ਸਪੋਰਟ 'ਤੇ ਪਹੁੰਚ ਚੁੱਕੇ ਹਨ। ਇਨ੍ਹਾਂ 'ਚੋਂ 521 ਆਕਸੀਜਨ 'ਤੇ ਹਨ। 138 ਨੂੰ ਆਈਸੀਯੂ 'ਚ ਰੱਖਿਆ ਗਿਆ ਹੈ, ਜਦਕਿ 25 ਵੈਂਟੀਲੇਟਰ 'ਤੇ ਹਨ। ਅਜਿਹੇ 'ਚ ਸਿਹਤ ਸਹੂਲਤਾਂ ਦੀ ਸਮੱਸਿਆ ਦੇ ਨਾਲ-ਨਾਲ ਆਉਣ ਵਾਲੇ ਦਿਨਾਂ 'ਚ ਮੌਤਾਂ ਦੀ ਗਿਣਤੀ ਵੀ ਵੱਧ ਸਕਦੀ ਹੈ।
ਪੰਜਾਬ 'ਚ ਕੋਰੋਨਾ ਦੀ ਤੇਜ਼ੀ ਨੂੰ ਵੇਖਦੇ ਹੋਏ ਸਰਕਾਰ ਨੇ ਨਾਈਟ ਕਰਫਿਊ ਨੂੰ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਵਧਾ ਕੇ 25 ਜਨਵਰੀ ਤੱਕ ਕਰ ਦਿੱਤਾ ਹੈ। ਇਸ ਤੋਂ ਇਲਾਵਾ ਇਨਡੋਰ 'ਚ 50 ਅਤੇ ਆਊਟਡੋਰ 'ਚ 100 ਲੋਕਾਂ ਦਾ ਇਕੱਠ ਤੈਅ ਕੀਤਾ ਗਿਆ ਹੈ। ਇਹ ਗਿਣਤੀ ਸਮਾਗਮ ਵਾਲੀ ਥਾਂ 'ਤੇ 50% ਤੋਂ ਵੱਧ ਨਹੀਂ ਹੋਵੇਗੀ। ਸੂਬੇ ਦੇ ਸਾਰੇ ਵਿਦਿਅਕ ਅਦਾਰੇ, ਜਿੰਮ, ਸਵੀਮਿੰਗ ਪੂਲ, ਸਕੂਲ ਤੇ ਕਾਲਜ ਸਮੇਤ ਸਪੋਰਟਸ ਕੰਪਲੈਕਸ ਵੀ 25 ਜਨਵਰੀ ਤੱਕ ਬੰਦ ਕਰ ਦਿੱਤੇ ਗਏ ਹਨ।
ਪੰਜਾਬ 'ਚ ਚੋਣਾਂ ਦੇ ਮੱਦੇਨਜ਼ਰ ਕਮਿਸ਼ਨ ਨੇ 300 ਲੋਕਾਂ ਦੀ ਮੀਟਿੰਗ ਦੀ ਛੋਟ ਦਿੱਤੀ ਹੈ। ਹਾਲਾਂਕਿ ਇਹ ਸਮਰੱਥਾ ਸਮਾਗਮ ਵਾਲੀ ਥਾਂ 'ਤੇ 50% ਤੋਂ ਵੱਧ ਨਹੀਂ ਹੋ ਸਕਦੀ। ਵੱਡੀਆਂ ਚੋਣ ਰੈਲੀਆਂ, ਰੋਡ ਸ਼ੋਅ, ਸਾਈਕਲ ਜਾਂ ਪੈਦਲ ਰੈਲੀਆਂ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490