ਨਹੀਂ ਥੰਮ੍ਹਿਆ ਪੰਜਾਬ 'ਚ ਕੋਰੋਨਾ ਦਾ ਕਹਿਰ, ਦਸ ਦਿਨਾਂ 'ਚ ਮਰੀਜ਼ ਹੋਏ ਦੁੱਗਣੇ
ਪੰਜਾਬ 'ਚ ਮੌਤਾਂ ਦਾ ਅੰਕੜਾ ਦੇਖੀਏ ਤਾਂ ਵਾਇਰਸ ਦੀ ਲਾਗ ਨਾਲ ਮਰਨ ਵਾਲੇ ਵਿਅਕਤੀਆਂ ਦਾ ਅਨੁਪਾਤ ਕੌਮੀ ਔਸਤ ਨਾਲੋਂ ਜ਼ਿਆਦਾ ਹੈ। ਸੂਬੇ 'ਚ ਕੁੱਲ ਮਰੀਜ਼ਾਂ ਦੀ ਗਿਣਤੀ 202 ਹੋ ਗਈ ਹੈ।
ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਕੁੱਲ 14 ਮੌਤਾਂ ਹੋ ਚੁੱਕੀਆਂ ਹਨ। ਵੀਰਵਾਰ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਵਿਅਕਤੀ ਨੇ ਅੰਮ੍ਰਿਤਸਰ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਪੰਜਾਬ 'ਚ ਮੌਤਾਂ ਦਾ ਅੰਕੜਾ ਦੇਖੀਏ ਤਾਂ ਵਾਇਰਸ ਦੀ ਲਾਗ ਨਾਲ ਮਰਨ ਵਾਲੇ ਵਿਅਕਤੀਆਂ ਦਾ ਅਨੁਪਾਤ ਕੌਮੀ ਔਸਤ ਨਾਲੋਂ ਜ਼ਿਆਦਾ ਹੈ। ਸੂਬੇ 'ਚ ਕੁੱਲ ਮਰੀਜ਼ਾਂ ਦੀ ਗਿਣਤੀ 202 ਹੋ ਗਈ ਹੈ।
ਪੰਜਾਬ 'ਚ 7 ਅਪ੍ਰੈਲ ਨੂੰ ਕੋਰੋਨਾ ਵਾਇਰਸ ਦੇ 99 ਮਾਮਲੇ ਸਾਹਮਣੇ ਆਏ ਸਨ ਤੇ ਦਸ ਦਿਨਾਂ ਦੇ ਅੰਦਰ ਇਹ ਗਿਣਤੀ ਦੁੱਗਣੀ ਹੋਕੇ 202 'ਤੇ ਪਹੁੰਚ ਗਈ ਹੈ। ਬੇਸ਼ੱਕ ਪੰਜਾਬ 'ਚ ਪਿਛਲੀ 22 ਮਾਰਚ ਤੋਂ ਲਗਾਤਾਰ ਕਰਫ਼ਿਊ ਜਾਰੀ ਹੈ ਪਰ ਇਸ ਦੇ ਬਾਵਜੂਦ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੇ ਅੰਕੜੇ 'ਚ ਇਜ਼ਾਫਾ ਹੋਣਾ ਚਿੰਤਾਜਨਕ ਹੈ।
ਹੁਣ ਤਕ ਮੁਹਾਲੀ 'ਚ ਸਭ ਤੋਂ ਵੱਧ 56 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਜਦਕਿ ਦੂਜੇ ਨੰਬਰ 'ਤੇ ਜਲੰਧਰ 'ਚ 31 ਮਰੀਜ਼ ਹਨ। ਪਠਾਨਕੋਟ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 24 ਹੋ ਗਈ ਹੈ।
ਕੋਰੋਨਾ ਵਾਇਰਸ ਇਕ ਅਜਿਹਾ ਖ਼ਤਰਨਾਕ ਵਾਇਰਸ ਹੈ ਜੋ ਪੀੜਤ ਵਿਅਕਤੀ ਤੋਂ ਦੂਜੇ ਵਿਅਕਤੀ ਤਕ ਮਾਰ ਕਰਦਾ ਹੈ। ਅਜਿਹੇ 'ਚ ਪਰਹੇਜ਼ ਹੀ ਇਸ ਤੋਂ ਬਚਣ ਦਾ ਵੱਡਾ ਤਰੀਕਾ ਹੈ। ਬਿਨਾਂ ਜ਼ਰੂਰੀ ਕੰਮ ਤੋਂ ਬਾਹਰ ਜਾਣ ਤੋਂ ਬਚਿਆ ਜਾਵੇ ਅਤੇ ਇਕੱਠ 'ਚ ਸ਼ਾਮਲ ਨਾ ਹੋਵੋ।