ਪੰਜਾਬ 'ਚ ਕੋਰੋਨਾ ਦਾ ਕਹਿਰ, ਵੈਕਸੀਨ ਦਾ ਵੀ ਸੰਕਟ ਖੜ੍ਹਾ!
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਸਿਰਫ਼ ਪੰਜ ਦਿਨਾਂ ਦੀ ਸਪਲਾਈ (5.7 ਲੱਖ ਕੋਵਿਡ ਖੁਰਾਕਾਂ) ਰਹਿ ਜਾਣ ਕਾਰਨ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਪਲਾਈ ਆਰਡਰਾਂ ਦੇ ਹਿਸਾਬ ਨਾਲ ਅਗਲੀ ਤਿਮਾਹੀ ਲਈ ਸੂਬਿਆਂ ਨਾਲ ਵੈਕਸੀਨ ਦੀ ਸਪਲਾਈ ਦਾ ਕਾਰਜਕ੍ਰਮ ਸਾਂਝਾ ਕੀਤਾ ਜਾਵੇ।
ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦਾ ਕਹਿਰ ਗੰਭੀਰ ਹੁੰਦਾ ਜਾ ਰਿਹਾ ਹੈ। ਇੱਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਵੈਕਸੀਨ ਦੀ ਕਮੀ ਉੱਪਰ ਫਿਕਰ ਜਾਹਿਰ ਕੀਤਾ ਹੈ ਤੇ ਦੂਜੇ ਪਾਸੇ ਕੇਸਾਂ ਵਿੱਚ ਲਗਾਤਾਰ ਉਛਾਲ ਆ ਰਿਹਾ ਹੈ। ਸੂਬੇ ਵਿੱਚ ਸ਼ਨੀਵਾਰ ਨੂੰ ਕਰੋਨਾਵਾਇਰਸ ਨੇ 58 ਹੋਰ ਵਿਅਕਤੀਆਂ ਦੀ ਜਾਨ ਲੈ ਲਈ ਜਦੋਂਕਿ 3294 ਨਵੇਂ ਕੇਸ ਸਾਹਮਣੇ ਆਏ। ਪੰਜਾਬ ’ਚ ਹੁਣ ਤੱਕ 7448 ਵਿਅਕਤੀ ਮਹਾਮਾਰੀ ਦੀ ਭੇਟ ਚੜ੍ਹ ਚੁੱਕੇ ਹਨ।
ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਸਿਰਫ਼ ਪੰਜ ਦਿਨਾਂ ਦੀ ਸਪਲਾਈ (5.7 ਲੱਖ ਕੋਵਿਡ ਖੁਰਾਕਾਂ) ਰਹਿ ਜਾਣ ਕਾਰਨ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਪਲਾਈ ਆਰਡਰਾਂ ਦੇ ਹਿਸਾਬ ਨਾਲ ਅਗਲੀ ਤਿਮਾਹੀ ਲਈ ਸੂਬਿਆਂ ਨਾਲ ਵੈਕਸੀਨ ਦੀ ਸਪਲਾਈ ਦਾ ਕਾਰਜਕ੍ਰਮ ਸਾਂਝਾ ਕੀਤਾ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸੂਬਾ ਇੱਕ ਦਿਨ ਵਿੱਚ 2 ਲੱਖ ਟੀਕਾਕਰਨ ਦੇ ਮਿੱਥੇ ਟੀਚੇ ਨੂੰ ਪੂਰਾ ਕਰਦਾ ਹੈ ਤਾਂ ਇਸ ਹਿਸਾਬ ਨਾਲ ਵੈਕਸੀਨ ਤਿੰਨ ਦਿਨ ਵਿਚ ਖ਼ਤਮ ਹੋ ਜਾਵੇਗੀ।
ਕੈਪਟਨ ਨੇ ਦੱਸਿਆ ਕਿ ਟੀਕਾਕਰਨ ਦੀ ਸ਼ੁਰੂਆਤ ਹੌਲੀ ਹੋਣ ਦੇ ਬਾਵਜੂਦ ਰੋਜ਼ਾਨਾ 85,000-90,000 ਵਿਅਕਤੀਆਂ ਦੇ ਹਿਸਾਬ ਨਾਲ ਪੰਜਾਬ ਹੁਣ 16 ਲੱਖ ਵਿਅਕਤੀਆਂ ਨੂੰ ਕੋਵਿਡ ਖੁਰਾਕਾਂ ਦੇ ਚੁੱਕਾ ਹੈ। ਕੈਪਟਨ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਦੇ ਮੁੱਦੇ ਉਤੇ ਭਾਰਤ ਸਰਕਾਰ ਖ਼ਿਲਾਫ਼ ਵਿਆਪਕ ਪੱਧਰ ਉਤੇ ਉੱਭਰ ਰਹੇ ਰੋਹ ਕਾਰਨ ਅਜੇ ਵੱਡੀ ਗਿਣਤੀ ਵਿੱਚ ਲੋਕ ਟੀਕਾਕਰਨ ਲਈ ਸਾਹਮਣੇ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਡੀ ਆਬਾਦੀ ਖੇਤੀਬਾੜੀ ਭਾਈਚਾਰੇ ਤੋਂ ਹੈ ਤੇ ਇੱਥੋਂ ਤੱਕ ਕਿ ਆਮ ਆਦਮੀ ਵੀ ਕਿਸਾਨ ਅੰਦੋਲਨ ਤੋਂ ਪ੍ਰਭਾਵਿਤ ਹੈ।
ਵਿਸ਼ਵ ਸਿਹਤ ਸੰਗਠਨ ਦੀ ਚੇਤਾਵਨੀ
ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਦੀ ਦੱਖਣ-ਪੂਰਬੀ ਏਸ਼ੀਆ ਖੇਤਰ ਦੀ ਡਾਇਰੈਕਟਰ ਡਾ. ਪੂਨਮ ਖੇਤਰਪਾਲ ਸਿੰਘ ਨੇ ਕਿਹਾ ਹੈ ਕਿ ਕੋਵਿਡ-19 ਤੇ ਇਸ ਦੇ ਹੋਰ ਸਰੂਪਾਂ ਨੂੰ ਫੈਲਣ ਤੋਂ ਰੋਕਣ ਲਈ ਵਾਇਰਸ ਬਾਰੇ ਤੈਅ ਕੀਤੇ ਗਏ ਨੇਮਾਂ/ਹਦਾਇਤਾਂ ਦੀ ਪਾਲਣਾ ਜ਼ਰੂਰੀ ਹੈ। ਉਨ੍ਹਾਂ ਵੱਧ ਤੋਂ ਵੱਧ ਟੈਸਟ ਕਰਨ, ਸ਼ਨਾਖ਼ਤ ਕਰਨ, ਇਕਾਂਤਵਾਸ ਕਰਨ ਤੇ ਢੁੱਕਵੇਂ ਇਲਾਜ ਦੀ ਲੋੜ ’ਤੇ ਜ਼ੋਰ ਦਿੱਤਾ। ਡਾ. ਪੂਨਮ ਨੇ ਖੰਘਣ ਨਾਲ ਜੁੜੇ ਵਿਹਾਰ, ਹੱਥ ਧੋਣ ਤੇ ਫ਼ਾਸਲਾ ਬਰਕਰਾਰ ਰੱਖਣ ਜਿਹੇ ਪੱਖਾਂ ਨੂੰ ਵੀ ਉਭਾਰਿਆ।