ਕੋਰੋਨਾ ਵਾਇਰਸ ਦੀ ਮਾਰ, ਅਟਾਰੀ 'ਚ ਪ੍ਰਭਾਵਿਤ ਰੁਜ਼ਗਾਰ
-ਸਰਹੱਦ ਨੇੜਲਾ ਬਾਜ਼ਾਰ ਮੁਕੰਮਲ ਤੌਰ ਤੇ ਬੰਦ, ਦੁਕਾਨਦਾਰਾਂ ਨੂੰ ਪਏ ਰੋਜ਼ੀ ਰੋਟੀ ਦੇ ਲਾਲੇ-ਕੋਰੋਨਾ ਵਾਇਰਸ ਨੇ ਟਰਾਂਸਪੋਰਟਰਾਂ ਤੇ ਕੁੱਲੀਆਂ ਨੂੰ ਪਾਇਆ ਫਿਕਰਾਂ 'ਚ, ਚੱਲਦਾ ਕਾਰੋਬਾਰ ਵੀ ਬੰਦ
ਗਗਨਦੀਪ ਸ਼ਰਮਾ
ਅਟਾਰੀ: ਕੋਰੋਨਾ ਵਾਇਰਸ ਦੀ ਦਹਿਸ਼ਤ ਦੇਸ਼ ਦੇ ਵੱਖ ਵੱਖ ਕੋਨਿਆਂ 'ਚ ਵੇਖਣ ਨੂੰ ਮਿਲ ਰਹੀ ਹੈ। ਪੰਜਾਬ 'ਚ ਇਸ ਨੇ ਸਭ ਤੋਂ ਵੱਧ ਅਟਾਰੀ ਨੂੰ ਪ੍ਰਭਾਵਿਤ ਕੀਤਾ ਹੈ। ਜਿਸ ਦੇ ਕਾਰਨ ਸਰਹੱਦ ਨਾਲ ਲੱਗਦਾ ਅਟਾਰੀ ਦਾ ਬਾਜ਼ਾਰ ਮੁਕੰਮਲ ਤੌਰ ਤੇ ਬੰਦ ਹੋਇਆ ਪਿਆ ਹੈ। ਸਰਕਾਰ ਨੇ ਕੋਰੋਨਾ ਵਾਇਰਸ ਫੈਲਣ ਦੇ ਖ਼ਦਸ਼ੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਥੇ ਬੀਟਿੰਗ ਦਾ ਰਿਟ੍ਰੀਟ ਸੈਰਾਮਨੀ ਬੰਦ ਕਰ ਦਿੱਤੀ ਹੈ। ਜਿਸ ਕਾਰਨ ਅਟਾਰੀ ਵਿਖੇ ਆਉਣ ਵਾਲੇ ਸੈਲਾਨੀਆਂ ਨੂੰ ਅਟਾਰੀ ਵਿੱਚ ਦਾਖਲ ਹੀ ਨਹੀਂ ਹੋਣ ਦਿੱਤਾ ਜਾ ਰਿਹਾ।
ਸੈਲਾਨੀਆਂ ਦੀ ਬੰਦ ਪਈ ਆਮਦ ਕਾਰਨ ਇਸ ਦਾ ਸਭ ਤੋਂ ਵੱਧ ਨੁਕਸਾਨ ਦੁਕਾਨਦਾਰਾਂ ਨੂੰ ਝੱਲਣਾ ਪੈ ਰਿਹਾ ਹੈ। ਜਿਨ੍ਹਾਂ ਦੀ ਰੋਜ਼ੀ ਰੋਟੀ ਸੈਲਾਨੀਆਂ ਦੇ ਉਪਰ ਨਿਰਭਰ ਕਰਦੀ ਹੈ। ਅਟਾਰੀ ਦਾ ਸਰਹੱਦ ਨੇੜਲਾ ਬਾਜ਼ਾਰ ਪੂਰਨ ਤੌਰ ਤੇ ਬੰਦ ਹੈ ਅਤੇ ਇੱਕਾ ਦੁੱਕਾ ਦੁਕਾਨਾਂ ਹੀ ਖੁੱਲ੍ਹੀਆਂ ਹਨ। ਪਿਛਲੇ ਕਈ ਸਾਲਾਂ ਤੋਂ ਬਾਅਦ ਅਜਿਹਾ ਪਹਿਲੀ ਵਾਰੀ ਦੇਖਣ 'ਚ ਆਇਆ ਹੈ ਜਦੋਂ ਅਟਾਰੀ ਦਾ ਇਹ ਬਾਜ਼ਾਰ ਇਸ ਤਰ੍ਹਾਂ ਬੰਦ ਹੋਇਆ ਹੋਵੇ।
ਇੱਕ ਦੁਕਾਨਦਾਰ ਨੇ ਆਪਣਾ ਦੁਖੜਾ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਉਹ ਪੂਰੀ ਤਰ੍ਹਾਂ ਹੀ ਸੈਲਾਨੀਆਂ ਦੀ ਆਮਦ ਤੇ ਨਿਰਭਰ ਹਨ ਅਤੇ ਉਨ੍ਹਾਂ ਨੂੰ ਹਾਲੇ ਤੱਕ ਕੋਈ ਵੀ ਆਸ ਨਹੀਂ ਕਿ ਦੁਬਾਰਾ ਇਹ ਬਾਜ਼ਾਰ ਕਦੋਂ ਖੁੱਲਣਗੇ। ਦੂਜੇ ਪਾਸੇ ਅਟਾਰੀ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਜੋ ਇਹ ਫ਼ੈਸਲਾ ਲਿਆ ਹੈ ਉਸ ਤੋਂ ਤਾਂ ਉਹ ਸਹਿਮਤ ਹਨ ਪਰ ਭਾਰਤ ਸਰਕਾਰ ਨੂੰ ਇਨ੍ਹਾਂ ਦੁਕਾਨਦਾਰਾਂ ਵੱਲ ਵੀ ਦੇਖਣਾ ਚਾਹੀਦਾ ਹੈ। ਅਜਿਹੇ ਫ਼ੈਸਲੇ ਲੈਣੇ ਚਾਹੀਦੇ ਹਨ ਜਿਸ ਨਾਲ ਉਨ੍ਹਾਂ ਦੀ ਰੋਜ਼ੀ ਰੋਟੀ ਚੱਲਦੀ ਰਹੇ।
ਦੂਜੇ ਪਾਸੇ ਟਰਾਂਸਪੋਰਟਰਾਂ ਨੇ ਕਿਹਾ ਕਿ ਪਿਛਲੇ ਸਾਲ ਜਦੋਂ ਦੋਵਾਂ ਦੇਸ਼ਾਂ ਵਿੱਚ ਤਣਾਅ ਬਣਿਆ ਸੀ ਤਾਂ ਭਾਰਤ ਸਰਕਾਰ ਵੱਲੋਂ ਕਸਟਮ ਡਿਊਟੀ ਵਧਾਏ ਜਾਣ ਕਾਰਨ ਵਪਾਰ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ। ਇਸ ਨਾਲ ਉਨ੍ਹਾਂ ਦਾ ਰੁਜ਼ਗਾਰ 90 ਫ਼ੀਸਦ ਤੱਕ ਬੰਦ ਹੋ ਗਿਆ ਸੀ ਤੇ ਟਰਾਂਸਪੋਰਟਰ ਇਥੋਂ ਵੱਡੀ ਗਿਣਤੀ ਵਿੱਚ ਚਲੇ ਗਏ ਸਨ। ਬਾਕੀ ਬਚੇ ਟਰਾਂਸਪੋਰਟਰ ਅਫਗਾਨਿਸਤਾਨ ਤੋਂ ਆਉਣ ਵਾਲੇ ਡਰਾਈਫਰੂਟ ਆਦਿ ਤੇ ਨਿਰਭਰ ਸਨ। ਪਰ ਕਰੋੜਾਂ ਕਰਕੇ ਸਰਕਾਰ ਵੱਲੋਂ ਕੀਤੀ ਸਖ਼ਤੀ ਕਾਰਨ ਇਨ੍ਹਾਂ ਟਰੱਕਾਂ ਦੀ ਵੀ ਗਿਣਤੀ ਘਟਦੀ ਜਾ ਰਹੀ ਹੈ ਜਿਸ ਕਾਰਨ ਟਰਾਂਸਪੋਰਟਰਾਂ ਦਾ ਕੰਮ ਖਤਮ ਹੋਣ ਵੱਲ ਵਧ ਰਿਹਾ ਹੈ।
ਇਹ ਹੀ ਹਾਲਾਤ ਕੁੱਲੀਆਂ ਦੇ ਹਨ ਕੁਲੀਆਂ ਦਾ ਕਹਿਣਾ ਹੈ ਕਿ ਕਰੋਨਾ ਵਾਇਰਸ ਦੇ ਫੈਲਣ ਕਾਰਨ ਸਰਕਾਰ ਨੇ ਜੋ ਫੈਸਲੇ ਲਏ ਉਸ ਨੇ ਸਾਡੀਆਂ ਰੋਜ਼ੀ ਰੋਟੀ ਕਮਾਉਣ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਹੈ। ਚੌਦਾਂ ਪੰਦਰਾਂ ਸੋ ਦੇ ਕਰੀਬ ਕੁੱਲੀ ਹੁਣ ਰੁਜ਼ਗਾਰ ਤੋਂ ਵਾਂਝੇ ਬੈਠੇ ਹਨ। ਕੁੱਲੀਆਂ ਨੇ ਆਪਣੀ ਮੰਗ ਨੂੰ ਮੁੜ ਦੁਹਰਾਇਆ ਕਿ ਸਰਕਾਰ ਉਨ੍ਹਾਂ ਨੂੰ ਪੱਕੇ ਕਰ ਦੇਵੇ ਤਾਂ ਕਿ ਉਹ ਅਜਿਹੇ ਹਾਲਾਤਾਂ ਦੇ ਵਿੱਚ ਰੋਜ਼ੀ ਰੋਟੀ ਕਮਾਉਣ ਤੋਂ ਬੇਫਿਕਰ ਰਹਿਣ।
ਸਰਕਾਰ ਵੱਲੋਂ ਬੀਟਿੰਗ ਦਾ ਰਿਟ੍ਰੀਟ ਸੈਰਾਮਨੀ ਵਿੱਚ ਸੈਲਾਨੀਆਂ ਦੀ ਆਮਦ ਤੇ ਮੁਕੰਮਲ ਤੌਰ ਤੇ ਲਗਾਈ ਗਈ ਰੋਕ ਤੇ ਸੈਲਾਨੀ ਵੀ ਮਾਯੂਸ ਹਨ। ਫੀਡ ਸੈਰਾਮਨੀ ਦੇਖਣ ਦੇ ਲਈ ਪ੍ਰਤੀ ਦਿਨ ਅਟਾਰੀ ਵਿਖੇ ਵੀਹ ਪੱਚੀ ਹਜ਼ਾਰ ਦੇ ਕਰੀਬ ਸੈਲਾਨੀ ਅਟਾਰੀ ਆਉਂਦੇ ਸਨ। ਸੈਲਾਨੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਭਾਵੇਂ ਫੈਸਲਾ ਸਹੀ ਲਿਆ ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਕਾਫੀ ਪਿੱਛੇ ਰੋਕ ਲਿਆ ਜਾਂਦਾ ਹੈ।