ਸੰਗਰੂਰ: ਬਹੁਚਰਚਿਤ ਜੱਸੀ ਕਤਲ ਕਾਂਡ ਦੇ ਮੁਲਜ਼ਮ ਮਾਂ ਮਲਕੀਤ ਕੌਰ ਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਨੂੰ ਮਲੇਰਕੋਟਲਾ ਦੀ ਅਦਾਲਤ ਨੇ ਚਾਰ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਦੋਵੇਂ ਮੁਲਜ਼ਮਾਂ ਨੂੰ ਬੀਤੇ ਕੱਲ੍ਹ ਕੈਨੇਡਾ ਤੋਂ ਭਾਰਤ ਲਿਆਂਦਾ ਗਿਆ ਸੀ ਤੇ ਦਿੱਲੀ ਦੀ ਅਦਾਲਤ ਨੇ ਪੰਜਾਬ ਪੁਲਿਸ ਨੂੰ ਟ੍ਰਾਂਜ਼ਿਟ ਰਿਮਾਂਡ 'ਤੇ ਦੋਵਾਂ ਮੁਲਜ਼ਮਾਂ ਦੀ ਸਪੁਰਦਗੀ ਕਰ ਦਿੱਤੀ ਸੀ।


ਦੋਵੇਂ ਮੁਲਜ਼ਮਾਂ ਨੂੰ ਸ਼ੁੱਕਰਵਾਰ ਸਵੇਰੇ ਮਲੇਰਕੋਟਲਾ ਦੇ ਸੈਸ਼ਨ ਜੱਜ ਹਰਪ੍ਰੀਤ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੇ ਜੱਸੀ ਦੀ ਮਾਂ ਤੇ ਮਾਮੇ ਦਾ ਸੱਤ ਦਿਨਾਂ ਰਿਮਾਂਡ ਮੰਗਿਆ ਸੀ, ਪਰ ਜੱਜ ਨੇ ਚਾਰ ਦਿਨ ਰਿਮਾਂਡ ਦੀ ਪ੍ਰਵਾਨਗੀ ਦਿੱਤੀ। ਹੁਣ ਸੰਗਰੂਰ ਪੁਲਿਸ ਦੋਵਾਂ ਮੁਲਜ਼ਮਾਂ ਤੋਂ ਜੱਸੀ ਦੇ ਕਤਲ ਸਬੰਧੀ ਪੁੱਛਗਿੱਛ ਕਰੇਗੀ।

ਜਸਵਿੰਦਰ ਸਿੱਧੂ ਕੈਨੇਡਾ ਦੀ ਨਾਗਰਿਕ ਸੀ ਤੇ ਤਕਰੀਬਨ 20 ਸਾਲ ਪਹਿਲਾਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਾਉਂਕੇ ਖੋਸਾ ਦੇ ਰਹਿਣ ਵਾਲੇ ਆਟੋ ਚਾਲਕ ਸੁਖਵਿੰਦਰ ਸਿੰਘ ਉਰਫ਼ ਮਿੱਠੂ ਨੂੰ ਆਪਣਾ ਦਿਲ ਦੇ ਬੈਠੀ ਸੀ। ਦੋਵਾਂ ਨੇ ਮਈ 2000 ਵਿੱਚ ਆਪਣੇ ਮਾਪਿਆਂ ਦੀ ਮਰਜ਼ੀ ਨਾਲ ਵਿਆਹ ਕਰਵਾ ਲਿਆ ਸੀ।

ਦੋਵਾਂ ਵਿੱਚ ਵੱਡਾ ਆਰਥਕ ਪਾੜਾ ਹੋਣ ਕਾਰਨ ਪਰਿਵਾਰ ਵਾਲੇ ਇਸ ਰਿਸ਼ਤੇ ਦੇ ਖਿਲਾਫ਼ ਸਨ। ਅੱਠ ਜੂਨ 2000 ਨੂੰ ਮਿੱਠੂ ਦੇ ਨਾਨਕੇ ਪਿੰਡ ਨਾਰੀਕੇ ਵਿੱਚ ਜੋੜੇ 'ਤੇ ਜਾਨਲੇਵਾ ਹਮਲਾ ਹੋਇਆ ਤੇ 25 ਸਾਲਾ ਜਸਵਿੰਦਰ ਸਿੱਧੂ ਦੀ ਗਲ਼ ਵੱਢੀ ਲਾਸ਼ ਬਰਾਮਦ ਹੋਈ ਸੀ।

ਪੁਲਿਸ ਮੁਤਬਾਕ ਜੱਸੀ ਦੀ ਮਾਂ ਤੇ ਮਾਮੇ ਨੇ ਆਪਣੀ ਧੀ ਤੇ ਉਸ ਦੇ ਪਤੀ ਨੂੰ ਝੂਠੀ ਅਣਖ ਖਾਤਰ ਕਤਲ ਕਰਨ ਲਈ ਸੁਪਾਰੀ ਦਿੱਤੀ ਗਈ ਸੀ, ਪਰ ਮਿੱਠੂ ਬਚ ਗਿਆ ਸੀ। ਹੁਣ ਇਸੇ ਅਣਖ ਖਾਤਰ ਕਤਲ ਦੇ ਮਾਮਲੇ ਵਿੱਚ ਜੱਸੀ ਦੀ ਮਾਂ ਮਲਕੀਤ ਕੌਰ (65) ਤੇ ਉਸ ਦੇ ਮਾਮੇ ਸੁਖਵਿੰਦਰ ਸਿੰਘ (70) ਨੂੰ ਪੰਜਾਬ ਲਿਆਂਦਾ ਗਿਆ ਤੇ ਮਾਮਲੇ ਸਬੰਧੀ ਮੁਲਜ਼ਮਾਂ ਤੋਂ ਪਹਿਲੀ ਸੁਣਵਾਈ ਮਲੇਰਕੋਟਲਾ ਅਦਾਲਤ ਵਿੱਚ ਕੀਤੀ ਗਈ ਹੈ।