ਚੰਡੀਗੜ੍ਹ: ਮਾਲਵੇ ਵਿੱਚ ਸਰਗਰਮ ਕ੍ਰਾਊਨ ਚਿੱਟ ਫੰਡ ਕੰਪਨੀ ਦੇ ਐਮਡੀ ਨੇ ਨਾ ਸਿਰਫ਼ ਹਜ਼ਾਰਾਂ ਨਿਵੇਸ਼ਕਾਂ ਨਾਲ ਧੋਖਾਧੜ੍ਹੀ ਕੀਤੀ ਬਲਕਿ ਪੁਲਿਸ ਤੇ ਅਦਾਲਤ ਨੂੰ ਵੀ ਗੁੰਮਰਾਹ ਕਰਕੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਜ਼ਮਾਨਤ ਹਾਸਲ ਕਰ ਗਿਆ। ਇਹ ਖੁਲਾਸਾ ਬਰਨਾਲਾ ਸ਼ਹਿਰੀ ਪੁਲੀਸ ਵੱਲੋਂ ਬੀਤੇ ਹਫ਼ਤੇ ਅਜੈ ਕੁਮਾਰ ਤੇ ਪਵਨ ਕੁਮਾਰ ਨਾਂ ਦੇ ਦੋ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਬਾਅਦ ਹੋਇਆ ਹੈ।
ਐਸਐਚਓ ਮਲਕੀਅਤ ਸਿੰਘ ਚੀਮਾ ਤੇ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦਸੰਬਰ ਵਿੱਚ ਕੁਝ ਲੋਕਾਂ ਖ਼ਿਲਾਫ਼ ਘੁਟਾਲੇ ਦੇ ਮੁਲਜ਼ਮ ਦੀ ਮਦਦ ਕਰਨ ਤੇ ਉਸ ਨੂੰ ਮੁਲਕ ’ਚੋਂ ਭਜਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤਕ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਮੁਲਜ਼ਮ ਖ਼ਿਲਾਫ਼ ਬਰਨਾਲਾ ਵਿੱਚ ਦਰਜ ਪਹਿਲੇ ਕੇਸ ਵਿੱਚ ਉਸ ਦੀ ਜ਼ਮਾਨਤ ਲਈ ਫਰਜ਼ੀ ਆਧਾਰ ਕਾਰਡ ਤੇ ਜਾਇਦਾਦ ਦੇ ਦਸਤਾਵੇਜ਼ ਜਮ੍ਹਾ ਕਰਵਾਏ ਸੀ। ਉਨ੍ਹਾਂ ਕਿਹਾ ਕਿ ਅਜੈ ਕੁਮਾਰ ਅਤੇ ਪਵਨ ਕੁਮਾਰ ਦੀ ਗ੍ਰਿਫ਼ਤਾਰੀ ਬਹੁਤ ਅਹਿਮ ਹੈ ਕਿਉਂਕਿ ਕਥਿਤ ਤੌਰ ’ਤੇ ਇਹ ਮੁੱਖ ਮੁਲਜ਼ਮ ਹਨ ਜਿਨ੍ਹਾਂ ਨੇ ਫਰਜ਼ੀ ਦਸਤਾਵੇਜ਼ਾਂ ਦਾ ਪ੍ਰਬੰਧ ਕੀਤਾ ਸੀ।
ਜ਼ਮਾਨਤੀਆਂ ਨੇ ਪਹਿਲਾਂ ਫਰ਼ਜੀ ਸ਼ਨਾਖਤੀ ਕਾਰਡ ਬਣਾਏ ਤੇ ਕਿਸੇ ਦੂਜੇ ਵਿਅਕਤੀ ਦੇ ਪਤੇ ’ਤੇ ਆਧਾਰ ਕਾਰਡ ਬਣਵਾ ਲਏ। ਪੁਲੀਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮੁਲਜ਼ਮਾਂ ਨੇ ਕਿਵੇਂ ਫਰਜ਼ੀ ਆਧਾਰ ਕਾਰਡ ਤੇ ਜ਼ਮੀਨ ਦੇ ਦਸਤਾਵੇਜ਼ ਬਣਵਾਏ।
ਜ਼ਿਕਰਯੋਗ ਹੈ ਕਿ ਕੇਸ ਦਰਜ ਹੋਣ ਦੇ ਤੁਰੰਤ ਬਾਅਦ ਜਗਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਉਸ ਨੂੰ ਹਾਈ ਕੋਰਟ ਤੋਂ ਇਸ ਬੇਨਤੀ ’ਤੇ ਜ਼ਮਾਨਤ ਮਿਲ ਗਈ ਸੀ ਕਿ ਉਹ ਨਿਵੇਸ਼ਕਾਂ ਦੇ ਪੈਸੇ ਮੋੜ ਦੇਵੇਗਾ। ਉਸ ਖ਼ਿਲਾਫ਼ 400 ਕੇਸ ਦਰਜ ਹਨ ਤੇ ਜ਼ਮਾਨਤ ਮਿਲਣ ਬਾਅਦ ਤੋਂ ਉਹ ਫਰਾਰ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਰਗਟ ਸਿੰਘ, ਜਸਬੀਰ ਸਿੰਘ ਤੇ ਕਰਮਜੀਤ ਸਿੰਘ ਨੂੰ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।
ਕ੍ਰਾਊਨ ਚਿੱਟ ਫੰਡ ਸੰਘਰਸ਼ ਕਮੇਟੀ ਦੇ ਪ੍ਰਧਾਨ ਮਨਿੰਦਰ ਸਿੰਘ ਤੇ ਜਨਰਲ ਸਕੱਤਰ ਜੈ ਕੁਮਾਰ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਨੇ ਫਰਜ਼ੀ ਜ਼ਮਾਨਤ ਨਾਲ ਦੋਹਰੀ ਧੋਖਾਧੜੀ ਕੀਤੀ ਹੈ। ਉਨ੍ਹਾਂ ਜਗਜੀਤ ਸਿੰਘ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।