ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਈਐਸਆਈ  ਦੇ ਨਾਂ ਉੱਤੇ ਸੂਬੇ ਵਿੱਚ ਅੱਗ ਲਾ ਰਹੇ ਹਨ ਜਿਸ ਨੂੰ ਬੁਝਾਇਆ ਨਹੀਂ ਜਾ ਸਕੇਗਾ। ਉਨ੍ਹਾਂ ਕਿਹਾ ਕਿ ਕੈਪਟਨ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਧਿਆਨ ਸਿੰਘ ਮੰਡ ਜਿਹੇ ਆਈਐਸਆਈ ਏਜੰਟ ਨੂੰ ਅੱਗੇ ਕਰ ਰਹੇ ਹਨ ਜੋ ਮਾਹੌਲ ਖ਼ਰਾਬ ਕਰਨ ’ਤੇ ਲੱਗੇ ਹਨ। ਉਹ ਪਿੰਡ ਭੁੱਲਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਚੋਣ ਲਈ ਜ਼ੋਨ ਕੌਣੀ ਦੇ ਉਮੀਦਵਾਰ ਦਾ ਐਲਾਨ ਕਰਨ ਲਈ ਪੁੱਜੇ ਸਨ।

ਸਖਬੀਰ ਬਾਦਲ ਨੇ ਦਾਦੂਵਾਲ ਤੇ ਮੰਡ ’ਤੇ ਵਰ੍ਹਦਿਆਂ ਕਿਹਾ ਕਿ ਇਹ ਲੋਕ ਭਗਵੇਂ ਚੋਲ਼ੇ ਪਾ ਕੇ ਦੇਸ਼ ਨਾਲ ਗੱਦਾਰੀ ਕਰ ਰਹੇ ਹਨ ਤੇ ਸੂਬੇ ਦੇ ਲੋਕ ਇਸ ਦਾ ਜਵਾਬ ਦੇਣਗੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ’ਤੇ ਬੇਅਦਬੀ ਦੇ ਇਲਜ਼ਾਮ ਸਬੰਧੀ ਉਨ੍ਹਾਂ ਕਿਹਾ ਕਿ ਬਾਦਲ ਨੇ ਤਾਂ ਅੱਜ ਤੱਕ ਕੀੜੀ ਤਕ ਨਹੀਂ ਮਾਰੀ, ਸਗੋਂ ਉਹ ਤਾਂ ਆਪਣੇ ਦੁਸ਼ਮਣਾਂ ਨੂੰ ਵੀ ਜੀ ਕਹਿ ਕੇ ਬੁਲਾਉਂਦੇ ਹਨ। ਫਿਰ ਉਹ ਅਜਿਹਾ ਘਟੀਆ ਕੰਮ ਕਿਵੇਂ ਕਰ ਸਕਦੇ ਹਨ?

ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ’ਤੇ ਵਾਰ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਹ 9 ਸਤੰਬਰ ਨੂੰ ਉਨ੍ਹਾਂ ਨੂੰ ਵਿਖਾ ਦੇਣਗੇ ਕਿ ਅਕਾਲੀ ਦਲ ਕੀ ਚੀਜ਼ ਹੈ? ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਦਾ ਰਾਜ ਸੀ ਤੇ ਜਿਵੇਂ ਉਹ ਚਾਹੁੰਦੇ ਸੀ, ਉਵੇਂ ਹੀ ਹੁੰਦਾ ਸੀ। ਕਾਂਗਰਸ ਨੇ ਲੋਕਾਂ ਨਾਲ ਠੱਗੀ ਕੀਤੀ। ਉਨ੍ਹਾਂ ਕਿਹਾ ਕਿ ਜਿੰਨੀ ਜਲਦੀ ਕਾਂਗਰਸ ਰਾਜ ਖ਼ਤਮ ਕੀਤਾ ਜਾਏਗਾ, ਓਨੀ ਜਲਦੀ ਸੁੱਖ ਮਿਲੇਗੀ।

ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਪਤਾ ਹੈ ਕਿ ਕਾਂਗਰਸੀ ਆਰਜ਼ੀ ਤੌਰ ’ਤੇ ਆਏ ਹਨ, ਪੱਕੀ ਸਰਕਾਰ ਤਾਂ ਅਕਾਲੀ ਦਲ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ਉੱਤੇ ਲੋਕਾਂ ਦੇ ਹਰ ਸ਼ੌਂਕ ਨੂੰ ਪੂਰਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹੱਥ ਵਿੱਚ ਤਾਕਤ ਹੈ, ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ। ਸੁਖਬੀਰ ਬਾਦਲ ਲੋਕਾਂ ਦੇ ਨਾਲ ਹਨ, ਕਿਸੇ ਦੀ ਹਿੰਮਤ ਨਹੀਂ ਕਿ ਕੋਈ ਲੋਕਾਂ ਵੱਲ ਕੋਈ ਵੇਖ ਵੀ ਸਕੇ।