ਅੰਮ੍ਰਿਤਸਰ: ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ '84 ਦੇ ਸਿੱਖ ਕਤਲੇਆਮ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਜਗਦੀਸ਼ ਟਾਈਟਲਰ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਟਾਈਟਲਰ ਦੀ ਸਿਆਸੀ ਪੁਸ਼ਤ ਪਨਾਹੀ ਲਈ ਗਾਂਧੀ ਪਰਿਵਾਰ 'ਤੇ ਕੇਸ ਦਰਜ ਕਰਦਿਆਂ ਉੱਚ ਪੱਧਰੀ ਜਾਂਚ ਹੋਵੇ।




ਉਨ੍ਹਾਂ ਕਿਹਾ ਕਿ '84 ਦੇ ਕਤਲੇਆਮ 'ਚ 100 ਸਿੱਖਾਂ ਦੇ ਕਤਲ ਪਿੱਛੇ ਹੱਥ ਹੋਣ ਦੇ ਟਾਈਟਲਰ ਦੀ ਇਕਬਾਲੀਆ ਜ਼ੁਲਮ ਸਬੰਧੀ ਪੁਖਤਾ ਸਬੂਤ ਵਜੋਂ ਪਰਤਾਂ ਖੋਲ੍ਹਦੀ ਵੀਡੀਓ ਸੀਡੀ ਸਾਹਮਣੇ ਆਉਣ ਨਾਲ ਕਾਂਗਰਸ ਤੇ ਗਾਂਧੀ ਪਰਿਵਾਰ ਦਾ ਕਾਲਾ ਸੱਚ ਵੀ ਬੇਪਰਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਵੀਡੀਓ ਰਾਹੀਂ ਹੋਏ ਖ਼ੁਲਾਸੇ ਨੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ 'ਚ ਗਾਂਧੀ ਪਰਿਵਾਰ ਵੱਲੋਂ ਰੁਕਾਵਟਾਂ ਖੜ੍ਹੀਆਂ ਕਰਨ ਤੇ ਜਾਂਚ ਪੜਤਾਲ ਨੂੰ ਪ੍ਰਭਾਵਤ ਕਰਨ ਸਬੰਧੀ ਸਿੱਖ ਕੌਮ ਵੱਲੋਂ ਵਾਰ-ਵਾਰ ਕੀਤੇ ਗਏ ਦਾਅਵਿਆਂ ਨੂੰ ਸੱਚ ਸਾਬਤ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਇਸ ਵੀਡੀਓ ਤੋਂ ਪਹਿਲਾਂ ਟਾਈਟਲਰ ਵੱਲੋਂ ਟੀਵੀ ਇੰਟਰਵਿਊ 'ਚ '84 ਦੇ ਦੰਗਿਆਂ ਦੌਰਾਨ ਉਸ ਨਾਲ ਖੁਦ ਰਾਜੀਵ ਗਾਂਧੀ ਵੱਲੋਂ ਸੜਕਾਂ 'ਤੇ ਘੁੰਮਣ ਦਾ ਇਕਬਾਲ ਕੀਤੇ ਜਾਣ ਨਾਲ ਉਕਤ ਕਤਲੇਆਮ ਦਾ ਯੋਜਨਾਬੱਧ ਹੋਣ ਸਬੰਧੀ ਕੋਈ ਭੁਲੇਖਾ ਨਹੀਂ ਸੀ ਰਿਹਾ। ਇਸੇ ਤਰ੍ਹਾਂ ਕਾਂਗਰਸ ਦੇ ਮੁਖੀ ਰਾਹੁਲ ਗਾਂਧੀ ਵੱਲੋਂ ਦੰਗਿਆਂ 'ਚ ਕਾਂਗਰਸੀਆਂ ਦੀ ਸ਼ਮੂਲੀਅਤ ਬਾਰੇ ਜਨਤਕ ਤੌਰ 'ਤੇ ਕਬੂਲਿਆ ਜਾ ਚੁੱਕਿਆ ਹੈ। ਹੁਣ ਚਿੱਟੇ ਦਿਨ ਵਾਂਗ ਸਭ ਕੁਝ ਸਾਫ਼ ਹੋ ਚੁੱਕਿਆ ਹੈ ਤਾਂ ਟਾਈਟਲਰ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਤੇ ਗਾਂਧੀ ਪਰਿਵਾਰ ਦੀ ਸ਼ਮੂਲੀਅਤ ਪ੍ਰਤੀ ਕੇਸ ਦਰਜ ਕਰ ਕੇ ਉੱਚ ਪੱਧਰੀ ਜਾਂਚ ਕਰਾਉਂਦਿਆਂ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਇਆ ਜਾਣਾ ਚਾਹੀਦਾ ਹੈ।