(Source: Poll of Polls)
Dastan-e-Shahadat 'Theme Park' Reopen: ਖੁਸ਼ਖਬਰੀ! ਸੈਲਾਨੀਆਂ ਲਈ ਅੱਜ ਤੋਂ ਖੁੱਲ੍ਹਿਆ ਦਾਸਤਾਨ-ਏ-ਸ਼ਹਾਦਤ 'ਥੀਮ ਪਾਰਕ'
ਦੱਸ ਦਈਏ ਕਿ ਕੁੱਲ 11 ਗੈਲਰੀਆਂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਜੀ ਬਹਾਦਰ ਤੱਕ ਸਿੱਖ ਇਤਿਹਾਸ ਤੇ ਗੌਰਵਮਈ ਵਿਰਸੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਰਸ਼ਿਤ ਕਰਨਗੀਆਂ।
ਚਮਕੌਰ ਸਾਹਿਬ: ਸਿੱਖ ਇਤਿਹਾਸ ਨੂੰ ਰੂਪਮਾਨ ਕਰਦਾ ਦਾਸਤਾਨ-ਏ-ਸ਼ਹਾਦਤ (ਥੀਮ ਪਾਰਕ) ਉਦਘਾਟਨ ਤੋਂ ਤਿੰਨ ਦਿਨ ਬਾਅਦ ਅੱਜ 22 ਨਵੰਬਰ ਤੋਂ ਆਮ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ ਹੈ। ਬੀਤੇ ਦਿਨੀਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਚਮਕੌਰ ਸਾਹਿਬ ਵਿੱਚ ਥੀਮ ਪਾਰਕ ਦਾ ਉਦਘਾਟਨ ਕੀਤਾ ਗਿਆ ਸੀ।
ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਥੀਮ ਪਾਰਕ ਭਲਕੇ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਖੋਲ੍ਹਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ 40-40 ਦੇ ਗਰੁੱਪਾਂ ਵਿੱਚ 11 ਗੈਲਰੀਆਂ ਵਿਖਾਈਆਂ ਜਾਣਗੀਆਂ। 440 ਸੈਲਾਨੀ ਇੱਕੋ ਸਮੇਂ ਦਾਸਤਾਨ-ਏ-ਸ਼ਹਾਦਤ ਦੇ ਦਰਸ਼ਨ ਕਰ ਸਕਣਗੇ।
ਦੱਸ ਦਈਏ ਕਿ ਕੁੱਲ 11 ਗੈਲਰੀਆਂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਜੀ ਬਹਾਦਰ ਤੱਕ ਸਿੱਖ ਇਤਿਹਾਸ ਤੇ ਗੌਰਵਮਈ ਵਿਰਸੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਰਸ਼ਿਤ ਕਰਨਗੀਆਂ। ਇੱਥੇ ਦੀਆਂ ਪੇਸ਼ਕਾਰੀਆਂ ਦਰਸ਼ਕਾਂ ਨੂੰ ਇੱਕ ਸ਼ਾਨਦਾਰ ਅਨੁਭਵ ਦੇਣਗੀਆਂ। ਉਨ੍ਹਾਂ ਨੂੰ ਉਸ ਯੁੱਗ ਵਿੱਚ ਲੈ ਜਾਣਗੀਆਂ ਜਦੋਂ ਇਹ ਘਟਨਾਵਾਂ ਅਸਲ ਵਿੱਚ ਵਾਪਰੀਆਂ ਸਨ।
ਇਸ ਦਾ ਨੀਂਹ ਪੱਥਰ 2006 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਪਹਿਲੀ ਵਾਰੀ ਰੱਖਿਆ ਗਿਆ ਸੀ। ਸਿੱਖ ਇਤਿਹਾਸ ਤੇ ਦਸਮ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀਆਂ ਬੇਮਿਸਾਲ ਕੁਰਬਾਨੀਆਂ ਨੂੰ ਜੀਵਨ ਵਿੱਚ ਲਿਆਉਣ ਲਈ, ਪ੍ਰੋਜੈਕਟ ਨੂੰ ਵੱਖ-ਵੱਖ ਗੈਲਰੀਆਂ ਵਿੱਚ ਵੰਡਿਆ ਗਿਆ ਹੈ। ਹਰ ਗੈਲਰੀ ਦਾ ਆਪਣੇ ਆਪ ਵਿੱਚ ਇੱਕ ਸ਼ਾਨਦਾਰ ਇਤਿਹਾਸ ਹੈ। ਇਨ੍ਹਾਂ ਗੈਲਰੀਆਂ ਵਿੱਚ ਐਨੀਮੇਸ਼ਨ ਫਿਲਮਾਂ ਰਾਹੀਂ ਇਹ ਇਤਿਹਾਸ ਦਿਖਾਇਆ ਜਾਵੇਗਾ। ਇਹ ਪ੍ਰੋਜੈਕਟ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਹੈ।
ਥੀਮ ਪਾਰਕ ਦੁਨੀਆ ਦੇ ਸਭ ਤੋਂ ਖੂਬਸੂਰਤ ਅਜੂਬਿਆਂ ਵਿੱਚੋਂ ਇੱਕ ਹੋਵੇਗਾ। ਇਹ ਦੁਨੀਆ ਭਰ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣੇਗਾ। ਸਿੱਖ ਕੌਮ ਦੇ ਇਤਿਹਾਸ ਨਾਲ ਭਰਪੂਰ ਚਮਕੌਰ ਦੀ ਧਰਤੀ ਦੇ ਗੌਰਵਮਈ ਇਤਿਹਾਸ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਮਹਾਨ ਸਾਹਿਬਜ਼ਾਦਿਆਂ ਦੀ ਕਦੇ ਨਾ ਭੁੱਲਣ ਵਾਲੀ ਸ਼ਹਾਦਤ ਨੂੰ ਦਰਸਾਉਂਦਾ ਥੀਮ ਪਾਰਕ 55 ਕਰੋੜ ਦੀ ਲਾਗਤ ਨਾਲ ਉਸਾਰਿਆ ਗਿਆ ਹੈ।
ਇਸ ਪ੍ਰੋਜੈਕਟ ਦੀ ਪਟਕਥਾ ਪਦਮਸ਼੍ਰੀ ਡਾ.ਸੁਰਜੀਤ ਪਾਤਰ ਨੇ ਲਿਖੀ ਹੈ, ਇਸ ਦੇ ਨਾਲ ਹੀ ਗੈਲਰੀਆਂ ਵਿੱਚ ਦਿਖਾਈਆਂ ਜਾਂਦੀਆਂ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਐਨੀਮੇਸ਼ਨ ਫਿਲਮਾਂ, ਗੀਤ ਤੇ ਟਿੱਪਣੀਆਂ ਮੁੰਬਈ ਅਤੇ ਦਿੱਲੀ ਦੇ ਨਾਮਵਰ ਸਟੂਡੀਓਜ਼ ਤੋਂ ਤਿਆਰ ਕੀਤੀਆਂ ਗਈਆਂ ਹਨ। ਦੇਸ਼ ਦੇ ਨਾਮਵਰ ਗਾਇਕਾਂ ਕੈਲਾਸ਼ ਖੈਰ ਤੇ ਸੁਖਵਿੰਦਰ ਤੋਂ ਇਲਾਵਾ ਹੋਰ ਵੀ ਕਈ ਨਾਮੀ ਕਲਾਕਾਰਾਂ ਨੇ ਇਨ੍ਹਾਂ ਫਿਲਮਾਂ ਵਿੱਚ ਆਪਣੀ ਆਵਾਜ਼ ਦਿੱਤੀ ਹੈ। ਇਸ ਪ੍ਰੋਜੈਕਟ ਨੂੰ ਡਿਜ਼ਾਈਨਰਾਂ, ਤਕਨੀਕੀ ਮਾਹਿਰਾਂ ਦੀ ਟੀਮ ਦੁਆਰਾ ਪੂਰਾ ਕੀਤਾ ਗਿਆ ਹੈ ਜਿਨ੍ਹਾਂ ਨੇ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਤਿਆਰ ਕੀਤਾ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮਿਊਜ਼ੀਅਮ ਦੇ ਖੁੱਲ੍ਹਣ ਤੋਂ ਬਾਅਦ ਇਤਿਹਾਸਕ ਧਰਤੀ ਚਮਕੌਰ ਸਾਹਿਬ ਵਿਖੇ ਸੰਗਤਾਂ ਦੀ ਆਮਦ ਵਿੱਚ ਵਾਧਾ ਹੋਵੇਗਾ ਤੇ ਸ਼ਹਿਰ ਦੇ ਲੋਕਾਂ ਲਈ ਵਪਾਰਕ ਵਸੀਲੇ ਵੀ ਵਧਣਗੇ।
ਇਹ ਵੀ ਪੜ੍ਹੋ: Corona Update: ਦੇਸ਼ 'ਚ ਕੋਰੋਨਾ ਦੇ 538 ਦਿਨਾਂ 'ਚ ਸਭ ਤੋਂ ਘੱਟ ਕੇਸ, ਸਿਰਫ 8,488 ਨਵੇਂ ਮਾਮਲੇ ਆਏ ਸਾਹਮਣੇ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: