ਚੰਡੀਗੜ੍ਹ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਨੇ ਬਾਲੀਵੁੱਡ ਦੀ ਅਦਾਕਾਰਾ ਕੰਗਨਾ ਰਨੌਤ ਨੂੰ ਕਾਨੂੰਨੀ ਨੋਟਿਸ ਭੇਜ ਕੇ ਕਿਸਾਨਾਂ ਵਿਰੁੱਧ ਕੀਤੀਆਂ ‘ਅਪਮਾਨਜਨਕ’ ਟਿੱਪਣੀਆਂ ਲਈ ਬਿਨਾ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ ਹੈ। ਦੱਸ ਦੇਈਏ ਕਿ ਕੰਗਨਾ ਰਨੌਤ ਪਹਿਲਾਂ ਵੀ ਕਈ ਵਾਰ ਆਪਣੇ ਬਿਆਨਾਂ ਤੇ ਟਿੱਪਣੀਆਂ ਕਾਰਨ ਵਿਵਾਦਾਂ ’ਚ ਘਿਰਦੇ ਰਹੇ ਹਨ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਸ ਫ਼ਿਲਮ ਅਦਾਕਾਰਾ ਨੇ ਇੱਕ ਕਿਸਾਨ ਦੀ ਬਜ਼ੁਰਗ ਮਾਂ ਬਾਰੇ ਬਹੁਤ ਹੀ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਪੀਟੀਆਈ ਦੀ ਰਿਪੋਰਟ ਅਨੁਸਾਰ DSGMC ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਕੰਗਨਾ ਦੇ ਹੁਣ ਤੱਕ ਦੇ ਟਵੀਟ ਕਿਸਾਨ ਅੰਦੋਲਨ ਨੂੰ ‘ਰਾਸ਼ਟਰ ਵਿਰੋਧੀ’ ਦੱਸ ਰਹੇ ਹਨ। ਉਨ੍ਹਾਂ ਨੂੰ ਅਜਿਹੇ ਟਵੀਟ ਤੁਰੰਤ ਹਟਾਉਣੇ ਚਾਹੀਦੇ ਹਨ।

ਇਸ ਤੋਂ ਪਹਿਲਾਂ ਇਸੇ ਹਫ਼ਤੇ ਕੰਗਨਾ ਰਨੌਤ ਨੇ ਪੰਜਾਬ ਦੀ ਇੱਕ ਮਹਿਲਾ ਕਿਸਾਨ ਨੂੰ ਬਿਲਕੀਸ ਬਾਨੋ ਸਮਝ ਲਿਆ ਸੀ, ਜੋ ਸੀਏਏ ਵਿਰੋਧੀ ਰੋਸ ਮੁਜ਼ਾਹਰਿਆਂ ਦੌਰਾਨ ਆਲਮੀ ਮੀਡੀਆ ਦੀਆਂ ਸੁਰਖ਼ੀਆਂ ’ਚ ਛਾਏ ਰਹੇ ਸਨ। ਕੰਗਨਾ ਨੇ ਆਪਣੇ ਟਵੀਟ ’ਚ ਲਿਖਿਆ ਸੀ ਕਿ ਹੁਣ ‘ਸ਼ਾਹੀਨ ਬਾਗ਼ ਦੀ ਦਾਦੀ’ ਵੀ ਕਿਸਾਨ ਅੰਦੋਲਨ ’ਚ ਆਣ ਸ਼ਾਮਲ ਹੋਈ ਹੈ। ਕੰਗਨਾ ਨੇ ਅੱਗੇ ਲਿਖਿਆ ਸੀ,‘ਇਹ ਉਹੀ ਦਾਦੀ ਹੈ, ਜਿਸ ਬਾਰੇ ‘ਟਾਈਮ’ ਮੈਗਜ਼ੀਨ ਵਿੱਚ ਵੀ ਛਪਿਆ ਸੀ ਤੇ ਜੋ ‘100 ਰੁਪਏ ਵਿੱਚ ਉਪਲਬਧ’ ਸੀ।’

ਇਸ ਤੋਂ ਇਲਾਵਾ ਕੰਗਨਾ ਰਨੌਤ ਦੀ ਟਵਿਟਰ ਉੱਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਾਲ ਵੀ ਕੱਲ੍ਹ ਬਹਿਸਬਾਜ਼ੀ ਹੋਈ ਸੀ।