ਲੁਧਿਆਣਾ 'ਚ ਡੇਂਗੂ ਦਾ ਕਹਿਰ, ਹੁਣ ਤੱਕ 500 ਤੋਂ ਵੱਧ ਕੇਸਾਂ ਦੀ ਪੁਸ਼ਟੀ
ਪੰਜ ਕੇਸ ਜਗਰਾਉਂ ਨਾਲ ਸਬੰਧਤ ਹਨ ਜਦੋਂਕਿ ਦੋ ਕੇਸ ਪੱਖੋਵਾਲ ਤੇ ਇੱਕ-ਇੱਕ ਕੇਸ ਖੰਨਾ, ਸਾਹਨੇਵਾਲ, ਸਿੱਧਵਾਂ ਬੇਟ ਤੇ ਸੁਧਾਰ ਤੋਂ ਵੀ ਸਾਹਮਣੇ ਆਇਆ ਹੈ।
ਲੁਧਿਆਣਾ: ਸ਼ਹਿਰ ਵਿੱਚ ਡੇਂਗੂ ਦਾ ਕਹਿਰ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਜੇਕਰ ਬੀਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਵਿੱਚ 54 ਡੇਂਗੂ ਦੇ ਕੇਸ ਸਾਹਮਣੇ ਆਏ ਹਨ। ਜਦੋਂ ਕਿ 527 ਕੇਸਾਂ ਦੀ ਹੁਣ ਤੱਕ ਪੁਸ਼ਟੀ ਹੋ ਚੁੱਕੀ ਹੈ। ਇੰਨਾ ਹੀ ਨਹੀਂ ਸਿਹਤ ਵਿਭਾਗ ਨੇ 1960 ਡੇਂਗੂ ਦੇ ਸ਼ੱਕੀ ਮਰੀਜ਼ ਹੋਣ ਦਾ ਵੀ ਖ਼ਦਸ਼ਾ ਜਤਾਇਆ ਹੈ। ਬੀਤੇ ਦਿਨ ਜੋ ਕੇਸ ਸਾਹਮਣੇ ਆਏ ਨੇ, ਉਨ੍ਹਾਂ ਵਿੱਚੋਂ 43 ਡੇਂਗੂ ਦੇ ਕੇਸ ਸ਼ਹਿਰੀ ਖੇਤਰਾਂ ਨਾਲ ਸਬੰਧਤ ਹਨ ਜਦੋਂਕਿ 11 ਕੇਸ ਪੇਂਡੂ ਖੇਤਰ ਤੋਂ ਸਾਹਮਣੇ ਆਏ ਹਨ।
ਪੰਜ ਕੇਸ ਜਗਰਾਉਂ ਨਾਲ ਸਬੰਧਤ ਹਨ ਜਦੋਂਕਿ ਦੋ ਕੇਸ ਪੱਖੋਵਾਲ ਤੇ ਇੱਕ-ਇੱਕ ਕੇਸ ਖੰਨਾ, ਸਾਹਨੇਵਾਲ, ਸਿੱਧਵਾਂ ਬੇਟ ਤੇ ਸੁਧਾਰ ਤੋਂ ਵੀ ਸਾਹਮਣੇ ਆਇਆ ਹੈ। ਜੇਕਰ ਓਵਰਆਲ ਦੀ ਗੱਲ ਕੀਤੀ ਜਾਵੇ ਤਾਂ 527 ਕੇਸਾਂ ਵਿਚੋਂ 405 ਕੇਸ ਲੁਧਿਆਣਾ ਸ਼ਹਿਰ ਤੋਂ ਤੇ 122 ਕੇਸ ਪੇਂਡੂ ਖੇਤਰ ਤੋਂ ਪਾਏ ਗਏ ਹਨ1 26 ਡੇਂਗੂ ਦੇ ਮਰੀਜ਼ ਲੁਧਿਆਣਾ ਦੇ ਵੱਖ ਵੱਖ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖ਼ਲ ਨਹੀਂ ਜਦੋਂਕਿ ਹੁਣ ਤੱਕ 401 ਡੇਂਗੂ ਦੇ ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ।
ਉਧਰ ਲੁਧਿਆਣਾ ਦੀ ਜ਼ਿਲ੍ਹਾ ਮਹਾਂਮਾਰੀ ਅਫ਼ਸਰ ਡਾ. ਪ੍ਰਭਲੀਨ ਕੌਰ ਨੇ ਦੱਸਿਆ 3 ਸ਼ੱਕੀ ਲੋਕਾਂ ਦੀ ਹੁਣ ਤੱਕ ਡੇਂਗੂ ਨਾਲ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੂੰ ਵੀ ਤੇਜ਼ ਬੁਖਾਰ, ਜੋੜਾਂ ਵਿੱਚ ਦਰਦ ਤੇ ਜ਼ੁਕਾਮ, ਸਿਰਦਰਦ ਆਦਿ ਦੀ ਸਮੱਸਿਆ ਆਉਂਦੀ ਹੈ ਤਾਂ ਉਹ ਤੁਰੰਤ ਡਾਕਟਰ ਨੂੰ ਜ਼ਰੂਰ ਇਤਲਾਹ ਕਰਨ। ਉਨ੍ਹਾਂ ਕਿਹਾ ਕਿ ਡੇਂਗੂ ਤੋਂ ਜਾਗਰੂਕਤਾ ਬੇਹੱਦ ਜ਼ਰੂਰੀ ਹੈ। ਆਪਣੇ ਘਰਾਂ ਵਿੱਚ ਕਿਸੇ ਵੀ ਕਿਸਮ ਦਾ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ।
ਡਾ. ਪ੍ਰਭਲੀਨ ਨੇ ਕਿਹਾ ਕਿ ਨਗਰ ਨਿਗਮ ਨਾਲ ਮਿਲ ਕੇ ਸਿਹਤ ਮਹਿਕਮੇ ਵੱਲੋਂ ਉਨ੍ਹਾਂ ਇਲਾਕਿਆਂ ਵਿੱਚ ਫੌਗਿੰਗ ਕੀਤੀ ਜਾ ਰਹੀ ਹੈ ਜਿੱਥੇ ਡੇਂਗੂ ਦੇ ਕੇਸ ਵਧ ਰਹੇ ਹਨ। ਉਨ੍ਹਾਂ ਦੱਸਿਆ ਕਿ ਡੇਂਗੂ ਸਬੰਧੀ ਜੋ ਟੈਸਟ ਕਰਵਾਏ ਜਾਂਦੇ ਹਨ, ਉਨ੍ਹਾਂ ਦੀ ਕੀਮਤਾਂ ਵੀ ਸਰਕਾਰ ਵੱਲੋਂ ਤੈਅ ਕਰ ਦਿੱਤੀ ਹੈ। ਹੁਣ ਕਿਤੇ ਵੀ ਡੇਂਗੂ ਸਬੰਧੀ ਟੈਸਟ ਲਈ 600 ਰੁਪਏ ਹੀ ਚਾਰਜ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਰਾਂ ਵਿੱਚ ਹਰ ਵੇਲੇ ਮੱਛਰ ਭਜਾਉਣ ਵਾਲੀਆਂ ਮਸ਼ੀਨਾਂ ਜਾਂ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ।