Punjab News: ਨਾਇਬ ਤਹਿਸੀਲਦਾਰਾਂ ਦੀ ਹੋਏਗੀ ਮੁੜ ਭਰਤੀ, ਪਹਿਲਾਂ ਹੋਈ ਸੀ ਵੱਡੀ ਗੜਬੜੀ
ਦੱਸ ਦਈਏ ਕਿ ਵਿਵਾਦਾਂ ਵਿੱਚ ਘਿਰ ਜਾਣ ਕਰਕੇ ਇਹ ਭਰਤੀ ਰੱਦ ਕਰ ਦਿੱਤੀ ਗਈ ਸੀ। ਸੂਤਰਾਂ ਮੁਤਾਬਕ ਹੁਣ ਮਾਲ ਵਿਭਾਗ ਦੇ ਸੈਕਟਰੀ (ਰੈਵੇਨਿਊ) ਨੇ ਪੱਤਰ ਜਾਰੀ ਕਰਕੇ ਇਹ ਭਰਤੀ ਦੁਬਾਰਾ ਕਰਨ ਲਈ ਕਿਹਾ ਹੈ।
Punjab News: ਨਾਇਬ ਤਹਿਸੀਲਦਾਰਾਂ ਦੀ ਭਰਤੀ ਮੁੜ ਹੋਣ ਦੇ ਆਸਾਰ ਬਣ ਗਏ ਹਨ। ਇਹ ਭਰਤੀ ਵਿਵਾਦਾਂ ਵਿੱਚ ਘਿਰ ਗਈ ਸੀ ਜਿਸ ਦੀ ਜਾਂਚ ਅਜੇ ਚੱਲ ਰਹੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ ਵਿਭਾਗ ਨੇ ਪੰਜਾਬ ਲੋਕ ਸੇਵਾ ਕਮਿਸ਼ਨ ਨੂੰ ਨਾਇਬ ਤਹਿਸੀਲਦਾਰਾਂ ਦੀ ਭਰਤੀ ਦੁਬਾਰਾ ਕਰਨ ਲਈ ਕਿਹਾ ਹੈ। ਉਂਝ ਕਿਸੇ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।
ਦੱਸ ਦਈਏ ਕਿ ਵਿਵਾਦਾਂ ਵਿੱਚ ਘਿਰ ਜਾਣ ਕਰਕੇ ਇਹ ਭਰਤੀ ਰੱਦ ਕਰ ਦਿੱਤੀ ਗਈ ਸੀ। ਸੂਤਰਾਂ ਮੁਤਾਬਕ ਹੁਣ ਮਾਲ ਵਿਭਾਗ ਦੇ ਸੈਕਟਰੀ (ਰੈਵੇਨਿਊ) ਨੇ ਪੱਤਰ ਜਾਰੀ ਕਰਕੇ ਇਹ ਭਰਤੀ ਦੁਬਾਰਾ ਕਰਨ ਲਈ ਕਿਹਾ ਹੈ। ਪੱਤਰ ਵਿੱਚ ਲਿਖਿਆ ਹੈ ਕਿ ਡੀਜੀਪੀ ਪੰਜਾਬ ਦੀ ਪੜਤਾਲੀਆ ਰਿਪੋਰਟ ਅਨੁਸਾਰ ਸਪੱਸ਼ਟ ਹੋਇਆ ਹੈ ਕਿ ਇਸ ਪੇਪਰ ਵਿੱਚ ਧਾਂਦਲੀਆਂ ਹੋਈਆਂ ਹਨ। ਇਸ ਕਰਕੇ ਇਹ ਪੇਪਰ ਦੁਬਾਰਾ ਲਿਆ ਜਾਵੇ।
ਯਾਦ ਰਹੇ 78 ਨਾਇਬ ਤਹਿਸੀਲਦਾਰਾਂ ਦੀ ਭਰਤੀ ਲਈ ਪ੍ਰੀਖਿਆ 22 ਮਈ 2022 ਨੂੰ ਹੋਈ ਸੀ ਪਰ ਇਹ ਪ੍ਰੀਖਿਆ ਉਸ ਵੇਲੇ ਹੀ ਵਿਵਾਦਾਂ ਵਿੱਚ ਘਿਰ ਗਈ ਸੀ ਜਦੋਂ ਕਈ ਉਮੀਦਵਾਰਾਂ ਨੇ ਇਹ ਮੰਗ ਕੀਤੀ ਕਿ ਇਹ ਪੇਪਰ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਵਿੱਚ ਵੀ ਲਿਆ ਜਾਵੇ ਪਰ ਪੀਪੀਐਸਸੀ ਦੇ ਚੇਅਰਮੈਨ ਨੇ ਨਿਯਮਾਂ ਅਨੁਸਾਰ ਇਹ ਪੇਪਰ ਅੰਗਰੇਜ਼ੀ ਵਿੱਚ ਲੈਣ ਦੀ ਗੱਲ ਆਖੀ ਸੀ।
ਇਸ ਤੋਂ ਬਾਅਦ ਉਮੀਦਵਾਰ ਹਾਈ ਕੋਰਟ ਚਲੇ ਗਏ ਸਨ। ਅਕਤੂਬਰ 2022 ਵਿੱਚ ਨਾਇਬ ਤਹਿਸੀਲਦਾਰਾਂ ਦੇ ਪੇਪਰ ਦਾ ਨਤੀਜਾ ਐਲਾਨਿਆ ਗਿਆ ਪਰ ਉਸ ਵੇਲੇ ਪੀਪੀਐਸਸੀ ’ਤੇ ਇਲਜ਼ਾਮ ਲੱਗੇ ਕਿ ਇਸ ਪੇਪਰ ਵਿੱਚ ਹੇਰਾਫੇਰੀ ਹੋਈ ਹੈ। ਹੁਣ ਇਹ ਭਰਤੀ ਨਵੇਂ ਸਿਰੇ ਤੋਂ ਹੋਣ ਦੇ ਆਸਾਰ ਬਣ ਗਏ ਹਨ। ਉਂਝ ਇਸ ਬਾਰੇ ਅਜੇ ਕੁਝ ਵੀ ਸਪਸ਼ਟ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ: Punjab News: ਪੰਜਾਬ ਪੁਲਿਸ ਦਾ ਦਾਅਵਾ, 10,576 ਨਸ਼ਾ ਤਸਕਰ ਦਬੋਚੇ, ਹੁਣ ਵੱਡਾ ਸਵਾਲ, ਆਖਰ ਫਿਰ ਵੀ ਕਿਉਂ ਨਹੀਂ ਪੈ ਰਹੀ ਨਸ਼ਿਆਂ ਨੂੰ ਠੱਲ੍ਹ?
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।