ਰਾਹੁਲ ਕਾਲਾ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ 'ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਨਜ਼ਾਇਜ਼ ਸ਼ਰਾਬ ਦੇ ਧੰਦੇ 'ਤੇ ਨਕੇਲ ਕੱਸੀ ਜਾ ਰਹੀ ਹੈ। ਅਜਿਹੇ 'ਚ ਆਬਕਾਰੀ ਵਿਭਾਗ ਨੇ ਡੇਰਾ ਬੱਸੀ ਤੋਂ 27,600 ਲੀਟਰ ਨਾਜਾਇਜ਼ ਸਪਿਰਟ ਬਰਾਮਦ ਕੀਤੀ ਹੈ। ਇਸ ਦੌਰਾਨ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।


ਵਿਭਾਗ ਵੱਲੋਂ ਰਸਾਇਣ ਯੁਕਤ ਨਜਾਇਜ਼ ਸਪਿਰਟ ਦੀ ਇਹ ਹੁਣ ਤਕ ਦੀ ਸਭ ਤੋਂ ਵੱਡੀ ਮਾਤਰਾ ਹੈ। ਆਬਕਾਰੀ ਤੇ ਕਰ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਦੀ ਮੋਹਾਲੀ ਤੋਂ ਵਿਸ਼ੇਸ਼ ਟੀਮ ਨੇ ਤਿੰਨ ਥਾਵਾਂ ਤੋਂ 27,600 ਲੀਟਰ ਰਸਾਇਣ ਯੁਕਤ ਨਜਾਇਜ਼ ਸਪਿਰਟ ਦੀ ਵੱਡੀ ਖੇਪ ਫੜਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ।


ਇਹ ਸਪਿਰਟ 200 ਲੀਟਰ ਪ੍ਰਤੀ ਸਮਰੱਥਾ ਵਾਲੇ 138 ਡਰੰਮਾਂ ਵਿੱਚ ਸਟੋਰ ਕਰ ਕੇ ਰੱਖੀ ਗਈ ਸੀ। ਇਹ ਖੇਪ ਮੋਹਾਲੀ ਜ਼ਿਲ੍ਹੇ ਦੀ ਤਹਿਸੀਲ ਡੇਰਾ ਬੱਸੀ ਦੇ ਪਿੰਡ ਦੇਵੀ ਨਗਰ ਤੋਂ ਬਰਾਮਦ ਕੀਤੀ ਗਈ ਹੈ।


ਵਿਭਾਗ ਵੱਲੋਂ ਡੇਰਾ ਬੱਸੀ ਵਿਖੇ ਈ-68/69, ਫੋਕਲ ਪੁਆਂਇੰਟ 'ਚ ਸਥਿਤ ਮੈਸਰਜ਼ ਐਲੀਕੈਮ ਕੈਮੀਕਲਜ਼ ਗੁਦਾਮ 'ਚ ਛਾਪੇਮਾਰੀ ਦੌਰਾਨ 82 ਡਰੰਮ ਸਪਿਰਟ ਬਰਾਮਦ ਕੀਤੀ ਹੈ। ਇਸ ਤੋਂ ਬਾਅਦ ਡੀ-11, ਫੋਕਲ ਪੁਆਂਇੰਟ, ਡੇਰਾ ਬੱਸੀ ਵਿਖੇ ਮੈਸਰਜ਼ ਓਮ ਸੋਲਵੀ ਟਰੇਡਿੰਗ ਵਿਖੇ ਕੀਤੀ ਗਈ ਛਾਪੇਮਾਰੀ ਦੌਰਾਨ 200 ਲੀਟਰ ਪ੍ਰਤੀ ਸਮਰੱਥਾ ਵਾਲੇ 49 ਡਰੱਮ ਅਤੇ ਮੈਸਰਜ਼ ਪਿਉਰ ਸੋਲਿਊਸ਼ਨਜ਼ ਦੇ ਐਫ-28, ਫੋਕਲ ਪੁਆਂਇੰਟ 'ਤੇ ਗੁਦਾਮ 'ਚ ਕੀਤੀ ਗਈ ਛਾਪੇਮਾਰੀ ਦੌਰਾਨ 200 ਲੀਟਰ ਪ੍ਰਤੀ ਸਮਰੱਥਾ ਵਾਲੇ 7 ਡਰੰਮ ਬਰਾਮਦ ਕੀਤੇ ਗਏ।


ਪੰਜਾਬੀਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਵੱਡੇ ਪੱਧਰ 'ਤੇ ਵਿੱਢੀ ਮੁਹਿੰਮ, ਹੁਣ ਤਕ 5,503 ਪਿੰਡਾਂ ਤੇ ਸ਼ਹਿਰਾਂ 'ਚ ਪਹੁੰਚ


ਇਸ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਉਪਰੋਕਤ ਫਰਮਾਂ ਦੇ ਮਾਲਕ ਵੀ ਸ਼ਾਮਲ ਹਨ। ਵਿਭਾਗ ਮੁਤਾਬਕ ਇਨਾਂ ਫਰਮਾਂ ਦੇ ਤਾਰ 23 ਜੁਲਾਈ ਨੂੰ ਨਕਲੀ ਸ਼ਰਾਬ ਕਾਰਨ ਵਾਪਰੇ ਦੁਖਾਂਤ ਤੋਂ ਤਕਰੀਬਨ ਇਕ ਹਫ਼ਤਾ ਪਹਿਲਾਂ ਕੀਤੀ ਗਈ ਛਾਪੇਮਾਰੀ ਨਾਲ ਜੁੜਦੇ ਹਨ। ਜਦੋਂ 5,300 ਲੀਟਰ ਰਸਾਇਣ ਅਤੇ ਸਪਿਰਟ ਦੀ ਖੇਪ ਮੈਸਰਜ਼ ਬਿੰਨੀ ਕੈਮੀਕਲਜ਼ ਦੇ ਗੁਦਾਮ ਤੋਂ ਬਰਾਮਦ ਕੀਤੀ ਗਈ ਸੀ। ਇਹ ਫਰਮਾਂ ਮੈਸਰਜ਼ ਬਿੰਨੀ ਕੈਮੀਕਲਜ਼ ਨੂੰ ਸਮਾਨ ਦੀ ਸਪਲਾਈ ਕਰਦੀਆਂ ਸਨ ਜਿਸ ਨੂੰ ਬਿੰਨੀ ਕੈਮੀਕਲਜ਼ ਵੱਲੋਂ ਅੱਗੇ ਬਾਜ਼ਾਰ ਵਿੱਚ ਵੇਚ ਦਿੱਤਾ ਜਾਂਦਾ ਸੀ।


ਰਾਸ਼ਟਰਪਤੀ ਨੂੰ ਭੂਮੀ ਪੂਜਨ 'ਚ ਨਾ ਬੁਲਾਉਣ 'ਤੇ ਉੱਠੇ ਸਵਾਲ, ਕੀ ਦਲਿਤ ਹੋਣ ਕਾਰਨ ਰੱਖਿਆ ਦੂਰ?


ਪੁੱਛਗਿੱਛ ਵਿੱਚ ਦੋਸ਼ੀਆਂ ਨੇ ਇਹ ਖੁਲਾਸਾ ਕੀਤਾ ਹੈ ਕਿ ਉਹ ਫਾਰਮਾਸਿਊਟੀਕਲ ਕੰਪਨੀਆਂ ਦੇ ਮਾਲ ਦਾ ਨਿਪਟਾਰਾ ਕਰਦੀਆਂ ਸਨ। ਪੰਜਾਬ 'ਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਪੰਜਾਬ ਸਰਕਾਰ ਨਜਾਇਜ਼ ਸ਼ਰਾਬ ਦੇ ਮਸਲੇ ਤੇ ਹੋਰ ਵੀ ਸਖ਼ਤ ਹੋ ਗਈ ਹੈ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਬਾਅਦ ਹੀ ਆਬਕਾਰੀ ਵਿਭਾਗ ਵੀ ਹਰਕਤ 'ਚ ਆ ਗਿਆ ਹੈ।


ਪੰਜਾਬ ਰਾਜ ਭਵਨ 'ਚ ਕੋਰੋਨਾ ਦੀ ਦਸਤਕ, ਚਾਰ ਪੌਜ਼ੇਟਿਵ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ