ਪੜਚੋਲ ਕਰੋ
Advertisement
ਕਰਤਾਰਪੁਰ ਸਾਹਿਬ ਵਿਖੇ ਸਿਰਫ ਛੇ ਘੰਟਿਆਂ 'ਚ ਕਿਵੇਂ ਬਣਦੇ ਅੱਤਵਾਦੀ? ਡੀਜੀਪੀ ਦਿਨਕਰ ਗੁਪਤਾ ਨੇ ਪਾਇਆ ਨਵਾਂ ਪੁਆੜਾ
ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਮੁੜ ਵੱਡੇ ਵਿਵਾਦ ਵਿੱਚ ਘਿਰ ਗਏ ਹਨ। ਬੇਸ਼ੱਕ ਉਹ ਦਾਅਵੇ ਕਰ ਰਹੇ ਹਨ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਸਮਝਿਆ ਗਿਆ ਹੈ ਪਰ ਡੀਜੀਪੀ ਦੇ ਬਿਆਨ ਦੀ ਚੀਰਫਾੜ ਤੋਂ ਪਤਾ ਲੱਗਦਾ ਹੈ ਕਿ ਜ਼ਿੰਮੇਵਾਰ ਅਹੁਦੇ 'ਤੇ ਹੁੰਦਿਆਂ ਅਜਿਹੇ ਦਾਅਵੇ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਇਸ ਦੇ ਨਾਲ ਹੀ ਡੀਜੀਪੀ ਦੇ ਬਿਆਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਵੀ ਸਿਰਦਰਦੀ ਖੜ੍ਹੀ ਕਰ ਦਿੱਤੀ ਹੈ।
ਚੰਡੀਗੜ੍ਹ: ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਮੁੜ ਵੱਡੇ ਵਿਵਾਦ ਵਿੱਚ ਘਿਰ ਗਏ ਹਨ। ਬੇਸ਼ੱਕ ਉਹ ਦਾਅਵੇ ਕਰ ਰਹੇ ਹਨ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਸਮਝਿਆ ਗਿਆ ਹੈ ਪਰ ਡੀਜੀਪੀ ਦੇ ਬਿਆਨ ਦੀ ਚੀਰਫਾੜ ਤੋਂ ਪਤਾ ਲੱਗਦਾ ਹੈ ਕਿ ਜ਼ਿੰਮੇਵਾਰ ਅਹੁਦੇ 'ਤੇ ਹੁੰਦਿਆਂ ਅਜਿਹੇ ਦਾਅਵੇ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਇਸ ਦੇ ਨਾਲ ਹੀ ਡੀਜੀਪੀ ਦੇ ਬਿਆਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਵੀ ਸਿਰਦਰਦੀ ਖੜ੍ਹੀ ਕਰ ਦਿੱਤੀ ਹੈ।
ਦਰਅਸਲ ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਨੇ ਕਿਹਾ ਸੀ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਰਾਹੀਂ ਵੀ ਅੱਤਵਾਦ ਫੈਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਸੀ ਕਿ ਸਿਰਫ ਛੇ ਘੰਟਿਆਂ ਵਿੱਚ ਉਨ੍ਹਾਂ ਨੂੰ ਅੱਤਵਾਦ ਦੀ ਟ੍ਰੇਨਿੰਗ ਦਿੱਤੀ ਜਾ ਸਕਦਾ ਹੈ। ਇਨ੍ਹਾਂ ਨੂੰ ਮੁਕੰਮਲ ਰੂਪ ਵਿੱਚ ਸਿਖਲਾਈ ਯਾਫ਼ਤਾ ਅਤਿਵਾਦੀ ਮੰਨਿਆ ਜਾ ਸਕਦਾ ਹੈ। ਇਹ ਬਿਆਨ ਸਾਹਮਣੇ ਆਉਣ ਮਗਰੋਂ ਜਿੱਥੇ ਸੋਸ਼ਲ ਮੀਡੀਆ ਉੱਪਰ ਡੀਜੀਪੀ ਦਾ ਖੂਬ ਮਾਖੌਲ ਉੱਡਿਆ, ਉੱਥੇ ਹੀ ਸਿਆਸੀ ਪਾਰਟੀਆਂ ਨੇ ਸਰਕਾਰ ਨੂੰ ਲਾਹਣਤਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ।
ਸੋਸ਼ਲ ਮੀਡੀਆ ਉੱਪਰ ਸਵਾਲ ਉੱਠ ਰਹੇ ਹਨ ਕਿ ਕੀ ਜਿਹੜੇ ਸ਼ਰਧਾਲੂ ਮੱਥਾ ਟੇਕ ਕੇ ਆਏ ਹਨ , ਉਹ ਅੱਤਵਾਦੀ ਬਣ ਗਏ ਹਨ। ਕਈਆਂ ਨੇ ਨੇ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਮਜ਼ਾਕ ਉਡਾਇਆ ਹੈ ਕਿ ਉਹ ਸ਼੍ਰੀ ਕਰਤਾਰਪੁਰ ਤੋਂ ਛੇ ਘੰਟਿਆਂ ਵਿੱਚ ਹੀ ਅੱਤਵਾਦ ਦੀ ਟ੍ਰੇਨਿੰਗ ਲੈ ਕੇ ਆਏ ਹਨ। ਕਈ ਇਹ ਵੀ ਸਵਾਲ ਉਠਾ ਰਹੇ ਹਨ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਵਿਧਾਇਕ ਤੇ ਉੱਚ ਅਧਿਕਾਰੀ ਵੀ ਸ੍ਰੀ ਕਰਤਾਰਪੁਰ ਸਾਹਿਬ ਮੱਥਾ ਟੇਕ ਆਏ ਹਨ, ਕੀ ਉਹ ਸਾਰੇ ਅਤਿਵਾਦੀ ਰੰਗ ’ਚ ਰੰਗੇ ਗਏ।
ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ (‘ਆਪ’), ਅਕਾਲੀ ਦਲ ਟਕਸਾਲੀ ਤੇ ਲੋਕ ਇਨਸਾਫ ਪਾਰਟੀ ਨੇ ਡੀਜਪੀ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਦਿਨਕਰ ਗੁਪਤਾ ਨੂੰ ਕਾਂਗਰਸ ਸਰਕਾਰ ਵੱਲੋਂ ਵਿਸ਼ੇਸ਼ ਰਿਆਇਤਾਂ ਦੇ ਕੇ ਡੀਜੀਪੀ ਬਣਾਇਆ ਗਿਆ ਸੀ। ਇਸ ਪੁਲਿਸ ਅਧਿਕਾਰੀ ਵੱਲੋਂ ਕਾਂਗਰਸ ਤੇ ਖਾਸ ਕਰਕੇ ਗਾਂਧੀ ਪਰਿਵਾਰ ਦਾ ਅਹਿਸਾਨ ਉਤਾਰਨ ਲਈ ਸਿੱਖਾਂ ਖ਼ਿਲਾਫ਼ ਬਿਆਨਬਾਜ਼ੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਲਾਂਘਾ ਖੁੱਲ੍ਹਣ ਤੋਂ ਲੈ ਕੇ ਹੁਣ ਤੱਕ 50 ਹਜ਼ਾਰ ਤੋਂ ਵੱਧ ਵਿਅਕਤੀਆਂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਹਨ। ਮਜੀਠੀਆ ਨੇ ਡੀਜੀਪੀ ਨੂੰ ਸਵਾਲ ਕੀਤਾ ਕਿ ਕੀ ਸਾਰੇ 50 ਹਜ਼ਾਰ ਹੀ ਅਤਿਵਾਦੀ ਬਣ ਗਏ ਤੇ ਜੇਕਰ ਬਣ ਗਏ ਤਾਂ ਪੁਲਿਸ ਤਫ਼ਤੀਸ਼ ਕਿਉਂ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਇਸ ਲਾਂਘੇ ਨੂੰ ਬੰਦ ਕਰਾਉਣ ਲਈ ਸਾਜ਼ਿਸ਼ਾਂ ਰਚ ਰਹੀਆਂ ਹਨ ਤੇ ਡੀਜੀਪੀ ਦਾ ਬਿਆਨ ਇਸੇ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਇਸ ਬਿਆਨ ਦੀ ਨਿੰਦਾ ਨਾ ਕੀਤੀ ਤਾਂ ਸੋਮਵਾਰ ਨੂੰ ਵਿਧਾਨ ਸਭਾ ਦੇ ਸੈਸ਼ਨ ਵਿੱਚ ਸਰਕਾਰ ਨੂੰ ਘੇਰਿਆ ਜਾਵੇਗਾ।
ਅਕਾਲੀ ਦਲ ਟਕਸਾਲੀ ਦੇ ਬੁਲਾਰੇ ਬੀਰਦਵਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ ਦਿਨਕਰ ਗੁਪਤਾ ਨੂੰ ਅਹੁਦੇ ਤੋਂ ਹਟਾ ਕੇ ਧਾਰਾ 295 ਤਹਿਤ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡੀਜੀਪੀ ਗੁਪਤਾ ਦਾ ਬਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਂਘੇ ਖ਼ਿਲਾਫ਼ ਜੋ ਬਿਆਨਬਾਜ਼ੀ ਕੀਤੀ ਗਈ ਸੀ, ਉਸੇ ਯੋਜਨਾ ਨੂੰ ‘ਡੋਵਾਲ’ ਦੀ ਸ਼ਹਿ ’ਤੇ ਸਿਰੇ ਚਾੜ੍ਹਨ ਦੇ ਯਤਨ ਕੀਤੇ ਜਾ ਰਹੇ ਹਨ।
‘ਆਪ’ ਦੇ ਬਾਗੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਡੀਜੀਪੀ ਦੇ ਇਸ ਬਿਆਨ ’ਤੇ ਸਪੱਸ਼ਟੀਕਰਨ ਨਹੀਂ ਦਿੰਦੇ ਤਾਂ ਮੰਨਿਆ ਜਾਵੇਗਾ ਕਿ ਲਾਂਘੇ ਨੂੰ ਬੰਦ ਕਰਾਉਣ ਲਈ ਮੁੱਖ ਮੰਤਰੀ ਸਾਜ਼ਿਸ਼ ਦਾ ਹਿੱਸਾ ਹਨ। ਉਨ੍ਹਾਂ ਮੰਗ ਕੀਤੀ ਕਿ ਦਿਨਕਰ ਗੁਪਤਾ ਨੂੰ ਤੁਰੰਤ ਅਹੁਦੇ ਤੋਂ ਲਾਹ ਕੇ ਅਤਿਵਾਦੀ ਗਤੀਵਿਧੀਆਂ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਡੀਜੀਪੀ ਦੇ ਸਬੰਧ ਤਾਂ ਖ਼ੁਦ ਪਾਕਿਸਤਾਨੀਆਂ ਨਾਲ ਹਨ ਤੇ ਇਹ ਸਿੱਖਾਂ ਨੂੰ ਅਤਿਵਾਦੀ ਗਰਦਾਨ ਰਿਹਾ ਹੈ।
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਡੀਜੀਪੀ ਗੁਪਤਾ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਡੀਜੀਪੀ ਵਰਗੇ ਬੇਹੱਦ ਜ਼ਿੰਮੇਵਾਰ ਅਹੁਦੇ ’ਤੇ ਬੈਠ ਕੇ ਅਜਿਹਾ ਬਿਆਨ ਦੇਣਾ ਮੰਦਭਾਗਾ ਹੈ। ਚੀਮਾ ਨੇ ਕਿਹਾ ਕਿ ਡੀਜੀਪੀ ਦਿਨਕਰ ਗੁਪਤਾ ਭਾਜਪਾ ਤੇ ਆਰਐਸਐਸ ਦੀ ਬੋਲੀ ਬੋਲ ਰਹੇ ਹਨ, ਜੋ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਨਾਲ-ਨਾਲ ਭਾਈਚਾਰਕ ਸਾਂਝ ਲਈ ਖ਼ਤਰਾ ਹੈ। ਇਸ ਲਈ ਕੈਪਟਨ ਅਮਰਿੰਦਰ ਸਿੰਘ ਡੀਜੀਪੀ ਦਿਨਕਰ ਗੁਪਤਾ ਨੂੰ ਬਰਖ਼ਾਸਤ ਕਰਕੇ ਉਨ੍ਹਾਂ ’ਤੇ ਮੁਕੱਦਮਾ ਦਰਜ ਕਰਾਉਣ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਚੰਡੀਗੜ੍ਹ
ਲੁਧਿਆਣਾ
Advertisement