ਮੁੰਬਈ: ਬਾਲੀਵੁੱਡ ਅਦਾਕਾਰ ਧਰਮਿੰਦਰ ਦੇ ਵੱਡੇ ਪੁੱਤਰ ਸੰਨੀ ਦਿਓਲ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜ ਰਹੇ ਹਨ। ਸੰਨੀ ਨੇ ਸੋਮਵਾਰ ਨੂੰ ਆਪਣੀ ਨਾਮਜ਼ਦਗੀ ਦਾਖ਼ਲ ਕਰ ਦਿੱਤੀ ਹੈ। ਹਾਲਾਂਕਿ, ਧਰਮਿੰਦਰ ਨੇ ਵੀ ਉਨ੍ਹਾਂ ਨਾਲ ਆਉਣਾ ਸੀ ਪਰ ਬੌਬੀ ਦਿਓਲ ਨੇ ਭਰਾ ਸੰਨੀ ਦਾ ਸਾਥ ਦਿੱਤਾ ਤੇ ਪਿਤਾ ਸੋਸ਼ਲ ਮੀਡੀਆ ਰਾਹੀਂ ਪੁੱਤ ਦੇ ਪੱਖ ਵਿੱਚ ਨਿੱਤਰੇ।


ਇਸ ਦੌਰਾਨ ਧਰਮਿੰਦਰ ਨੇ ਸਿਆਸਤ ਨੂੰ ਘਿਨਾਉਣੀ ਚੀਜ਼ ਦੱਸਿਆ ਤੇ ਲੋਕਾਂ ਤੋਂ ਆਪਣੇ ਪੁੱਤਰ ਲਈ ਸਾਥ ਮੰਗਿਆ। ਧਰਮਿੰਦਰ ਨੇ ਇੱਕ ਹੋਰ ਟਵੀਟ ਕਰ ਸੰਨੀ ਦੀ ਸਿਆਸੀ ਪਾਰੀ ਦੀ ਸ਼ੁਰੂਆਤ ਨੂੰ ਆਪਣੇ ਨਾਲ ਮੇਲਦਿਆਂ ਬੀਕਾਨੇਰ ਦੇ ਸੰਸਦ ਮੈਂਬਰ ਵਜੋਂ ਆਪਣੇ ਕਾਰਜਕਾਲ ਨੂੰ ਯਾਦ ਕੀਤਾ। ਧਰਮਿੰਦਰ ਨੇ ਕਿਹਾ ਕਿ ਉਨ੍ਹਾਂ ਬੀਕਾਨੇਰ ਵਿੱਚ ਪਿਛਲੇ 50 ਸਾਲਾਂ ਤੋਂ ਵੱਧ ਕੰਮ ਆਪਣੇ ਪੰਜ ਸਾਲਾਂ ਵਿੱਚ ਕਰਵਾ ਦਿੱਤੇ, ਜਿਸ 'ਤੇ ਕਈਆਂ ਨੇ ਅਸਿਹਮਤੀ ਵੀ ਜਤਾਈ।


ਹਾਲਾਂਕਿ, ਧਰਮਿੰਦਰ ਨੇ ਜਲਦ ਹੀ ਸਿਆਸਤ ਤੋਂ ਤੌਬਾ ਕਰ ਲਈ ਪਰ ਆਪਣੇ ਸੰਸਦੀ ਕਾਰਜਕਾਲ ਦੌਰਾਨ ਸਦਨ ਵਿੱਚੋਂ ਗ਼ੈਰਹਾਜ਼ਰੀ ਕਰਕੇ ਧਰਮਿੰਦਰ ਦੀ ਖਾਸੀ ਅਲੋਚਨਾ ਹੁੰਦੀ ਰਹੀ ਹੈ। ਉਨ੍ਹਾਂ ਦੀ ਦੂਜੀ ਪਤਨੀ ਤੇ ਸੰਨੀ ਦੀ ਮਤਰੇਈ ਮਾਂ ਹੇਮਾ ਮਾਲਿਨੀ ਦਾ ਸਿਆਸੀ ਕਰੀਅਰ ਉਨ੍ਹਾਂ ਦੇ ਮੁਕਾਬਲੇ ਬਿਹਤਰ ਹੈ।


ਹੁਣ ਧਰਮਿੰਦਰ ਦੇ ਪੁੱਤਰ ਸੰਨੀ ਦਿਓਲ ਨੇ ਵੀ ਭਾਰਤੀ ਜਨਤਾ ਪਾਰਟੀ ਨਾਲ ਜੁੜ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕਰ ਲਈ ਹੈ ਤੇ ਧਰਮਿੰਦਰ ਹੇਮਾ ਦੇ ਨਾਲ-ਨਾਲ ਸੰਨੀ ਦਾ ਵੀ ਪੂਰਾ ਸਾਥ ਦੇ ਰਹੇ ਹਨ। ਧਰਮਿੰਦਰ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਸੰਨੀ ਲਈ ਇਹ ਦੌਰ ਸੁਖਾਲਾ ਨਹੀਂ ਹੋਵੇਗਾ। ਆਉਣ ਵਾਲੇ ਸਮੇਂ ਵਿੱਚ ਇਹ ਦੇਖਣ ਲਾਇਕ ਹੋਵੇਗਾ ਕਿ ਦਿਓਲ ਪਰਿਵਾਰ ਦਾ ਤੀਜਾ ਜੀਅ ਸਿਆਸਤ ਵਿੱਚ ਕੀ ਰੰਗ ਲਾਉਂਦਾ ਹੈ।