ਚੰਡੀਗੜ੍ਹ:   ਰੋਸ਼ਨੀ ਦੇ ਤਿਉਹਾਰ ਵਜੋਂ ਜਾਣੇ ਜਾਂਦੀ ਦਿਵਾਲੀ ਦੀ ਰਾਤ ਨੂੰ 55 ਦੀ ਜ਼ਿੰਦਗੀ 'ਚ ਹਨੇਰਾ ਆ ਗਿਆ ਹੈ। ਪੀਜੀਆਈ ਸਮੇਤ ਜਨਰਲ ਹਸਪਤਾਲ , ਸੈਕਟਰ ੧੬ ਅਤੇ ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲ, ਸੈਕਟਰ 32 ਵਿੱਚ ਅੱਖਾਂ ਦੇ ਜ਼ਖ਼ਮੀ 57 ਅਤੇ ਅੱਗ ਨਾਲ ਝੁਲਸਣ ਦੇ 77 ਮਰੀਜ਼ਾਂ ਇਲਾਜ ਲਈ ਆਏ ਹਨ। ਇਹ ਗਿਣਤੀ ਪਿਛਲੇ ਸਾਲਾਂ ਨਾਲੋਂ ਵੱਧ ਦੱਸੀ ਜਾ ਰਹੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਦੀਵਾਲੀ ਦੀ ਰਾਤ ਨੂੰ ਪਟਾਕੇ ਚਲਾਉਣ ਦਾ ਸਮਾਂ ਤਿੰਨ ਘੰਟੇ ਲਈ ਸੀਮਤ ਕਰਨ ਦੇ ਬਾਵਜੂਦ ਹਸਪਤਾਲਾਂ ਵਿੱਚ ਜ਼ਿਆਦਾ ਮਰੀਜ਼ ਆਏ ਹਨ। ਇਨ੍ਹਾਂ ਵਿੱਚ ਸ਼ਹਿਰ ਦੇ ਤਿੰਨ ਸਿਵਲ ਹਸਪਤਾਲਾਂ ਵਿੱਚ ਇਲਾਜ ਲਈ ਲਿਆਂਦੇ ਮਰੀਜ਼ਾਂ ਦੀ ਗਿਣਤੀ ਵੱਖਰੀ ਹੈ।

ਪੀਜੀਆਈ ਵਿੱਚ ਅੱਖਾਂ ਦੀ ਸੱਟ ਦੇ38 ਮਰੀਜ਼ ਇਲਾਜ ਲਈ ਦਾਖ਼ਲ ਹੋਏ ਹਨ। ਇਨ੍ਹਾਂ ਵਿਚੋਂ 32 ਦੀਆਂ ਅੱਖਾਂ ਦੇ ਅਪਰੇਸ਼ਨ ਕੀਤੇ ਜਾ ਚੁੱਕੇ ਹਨ ਪਰ 21 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੀਜੀਆਈ ਵਿੱਚ ਲਿਆਂਦੇ ਮਰੀਜ਼ਾਂ ਵਿਚੋਂ 16 ਦਾ ਸਬੰਧ ਟ੍ਰਾਈਸਿਟੀ ਨਾਲ ਹੈ ਜਦੋਂਕਿ ਬਾਕੀ ਦੇ 22 ਗੁਆਂਢੀ ਰਾਜਾਂ ਤੋਂ ਹਨ। ਮਰੀਜ਼ਾਂ ਵਿਚੋਂ 29 ਪੁਰਸ਼ ਅਤੇ ਨੌਂ ਮਹਿਲਾਵਾਂ ਹਨ। ਸਭ ਤੋਂ ਘੱਟ ਉਮਰ ਦਾ ਚੰਬੇ ਤੋਂ ਇੱਕ ਸੱਤ ਸਾਲਾਂ ਦਾ ਬੱਚਾ ਹੈ। 19 ਹੋਰ 16 ਸਾਲ ਤੋਂ ਘੱਟ ਅਤੇ ਪੰਜ ਦੀ ਉਮਰ ੪੦ ਸਾਲ ਤੋਂ ਘੱਟ ਹੈ।

ਪੀਜੀਆਈ ਵਿੱਚ ਦਾਖ਼ਲ ਕੁੱਲ ਮਰੀਜ਼ਾਂ ਵਿਚੋਂ ਬਾਰਾਂ ਮਰੀਜ਼ਾਂ ਆਪਣੇ ਹੱਥੀਂ ਪਟਾਕਾ ਜਾਂ ਆਤਿਸ਼ਬਾਜ਼ੀ ਚਲਾਉਣ ਵੇਲੇ ਫੱਟੜ ਹੋਏ ਹਨ ਜਦੋਂਕਿ 26 ਦੀਆਂ ਅੱਖਾਂ ਦੂਜਿਆਂ ਵਲੋਂ ਚਲਾਏ ਪਟਾਕਿਆਂ ਨਾਲ ਜ਼ਖ਼ਮੀ ਹੋਈਆਂ ਹਨ। ਇੱਕ ਹੋਰ ਵੱਖਰੀ ਗੱਲ ਇਹ ਕਿ ਬਾਹਰਲੇ ਰਾਜਾਂ ਤੋਂ ਇਲਾਜ ਲਈ ਆਏ ਮਰੀਜ਼ ਵਧੇਰੇ ਬੁਰੀ ਤਰ੍ਹਾਂ ਜ਼ਖ਼ਮੀ ਦਿਸੇ ਹਨ। ਇੱਕ ਹੋਰ ਜਾਣਕਾਰੀ ਮੁਤਾਬਿਕ ਪਿਛਲੇ ਸਾਲ ਪੀਜੀਆਈ ਵਿੱਚ ਅੱਖਾਂ ਦੇ ਜ਼ਿੰਨੇ ਮਰੀਜ਼ ਤਿੰਨ ਦਿਨਾਂ ਦੌਰਾਨ ਆਏ ਸਨ ਉਸ ਤੋਂ ਜ਼ਿਆਦਾ ਦੀਵਾਲੀ ਦੀ ਰਾਤ ਨੂੰ ਹੀ ਦਾਖ਼ਲ ਹੋਏ ਹਨ।