ਡਾ. ਦਰਸ਼ਨ ਸਿੰਘ ਧਾਲੀਵਾਲ ਨੂੰ ਮਿਲਿਆ ‘ਪਰਵਾਸੀ ਭਾਰਤੀ ਰਾਸ਼ਟਰਪਤੀ ਪੁਰਸਕਾਰ’
Patiala News: ਪਰਵਾਸੀ ਭਾਰਤੀ ਦਿਵਸ ਮੌਕੇ 17ਵੇਂ ਪਰਵਾਸੀ ਭਾਰਤੀ ਸੰਮੇਲਨ ਦੌਰਾਨ ਅਮਰੀਕਾ ਦੇ ਮਿਲਵਾਕੀ ਦੇ ਵਸਨੀਕ ਡਾ. ਦਰਸ਼ਨ ਸਿੰਘ ਧਾਲੀਵਾਲ ਨੂੰ ‘ਪਰਵਾਸੀ ਭਾਰਤੀ ਰਾਸ਼ਟਰਪਤੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ।
Patiala News: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਪਰਵਾਸੀ ਭਾਰਤੀ ਦਿਵਸ ਮੌਕੇ 17ਵੇਂ ਪਰਵਾਸੀ ਭਾਰਤੀ ਸੰਮੇਲਨ ਦੌਰਾਨ ਅਮਰੀਕਾ ਦੇ ਮਿਲਵਾਕੀ ਦੇ ਵਸਨੀਕ ਡਾ. ਦਰਸ਼ਨ ਸਿੰਘ ਧਾਲੀਵਾਲ ਨੂੰ ‘ਪਰਵਾਸੀ ਭਾਰਤੀ ਰਾਸ਼ਟਰਪਤੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ। ਸਮਾਗਮ ਵਿੱਚ ਡਾ. ਧਾਲੀਵਾਲ ਤੋਂ ਇਲਾਵਾ ਇਹ ਸਨਮਾਨ 26 ਹੋਰ ਪਰਵਾਸੀ ਭਾਰਤੀਆਂ ਨੂੰ ਦਿੱਤਾ ਗਿਆ ਹੈ।
ਡਾ. ਦਰਸ਼ਨ ਸਿੰਘ ਧਾਲੀਵਾਲ ਪਟਿਆਲਾ ਤੋਂ ਨਾਭਾ ਰੋਡ ਸਥਿਤ ਰੱਖੜਾ ਪਿੰਡ ਦੇ ਮੂਲ ਨਿਵਾਸੀ ਹਨ। ਕਿਸਾਨ ਅੰਦੋਲਨ ਵੇਲੇ ਲਾਏ ਲੰਗਰ ਕਾਰਨ ਦਰਸ਼ਨ ਸਿੰਘ ਧਾਲੀਵਾਲ ਨੂੰ ਅਕਤੂਬਰ 2021 ਵਿਚ ਦਿੱਲੀ ਦੇ ਕੌਮਾਂਤਰੀ ਏਅਰਪੋਰਟ ਤੋਂ ਮੋੜ ਦਿੱਤਾ ਸੀ, ਪਰ ਹੁਣ ਉਨ੍ਹਾਂ ਦੀਆਂ ਸਮਾਜ ਸੇਵਾਵਾਂ ਪ੍ਰਤੀ ਕੀਤੀਆਂ ਘਾਲਣਾ ਕਰਕੇ ਉਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਨੇ ਸਨਮਾਨਿਤ ਕੀਤਾ ਹੈ।
ਇਸ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਵਿਦੇਸ਼ਾਂ ’ਚ ਰਹਿ ਰਿਹਾ ਭਾਰਤੀ ਭਾਈਚਾਰਾ ਆਲਮੀ ਢਾਂਚੇ ਵਿਚ ਇਕ ਮਹੱਤਵਪੂਰਨ ਤੇ ਵਿਲੱਖਣ ਤਾਕਤ ਬਣ ਗਿਆ ਹੈ। ਪਰਵਾਸੀ ਭਾਰਤੀ ਦਿਵਸ ਸੰਮੇਲਨ ਮੌਕੇ ਇਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੁਰਮੂ ਨੇ ਵੱਖ-ਵੱਖ ਖੇਤਰਾਂ ਵਿਚ ਤਰੱਕੀ ਕਰਨ ਲਈ ਪਰਵਾਸੀ ਭਾਰਤੀਆਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਇਹ ਸਾਰੇ ਆਪਣੀ ਮਿਹਨਤ ਤੇ ਦ੍ਰਿੜ੍ਹ ਇਰਾਦੇ ਨਾਲ ਸਫ਼ਲ ਹੋਏ ਹਨ। ਰਾਸ਼ਟਰਪਤੀ ਨੇ ਕਿਹਾ ਕਿ ਵਿਦੇਸ਼ਾਂ ਵਿਚ ਭਾਰਤੀ ਭਾਈਚਾਰਾ ਹਰ ਖੇਤਰ ’ਚ ਪੂਰੀ ਊਰਜਾ ਨਾਲ ਅੱਗੇ ਵੱਧ ਰਿਹਾ ਹੈ ਤੇ ਆਤਮ ਵਿਸ਼ਵਾਸ ਨਾਲ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਭਾਰਤੀਆਂ ਨੇ ਬੇਮਿਸਾਲ ਸਮਰਪਣ ਤੇ ਸਖ਼ਤ ਮਿਹਨਤ ਨਾਲ ਕਈ ਚੁਣੌਤੀਆਂ ਸਰ ਕੀਤੀਆਂ ਹਨ। ਉਹ ਕਲਾ, ਸਾਹਿਤ, ਸਿਆਸਤ, ਕਾਰੋਬਾਰ, ਸਿੱਖਿਆ, ਵਿਗਿਆਨ-ਤਕਨੀਕੀ ਤੇ ਦਾਨ ਦੇ ਖੇਤਰ ਵਿਚ ਅੱਗੇ ਰਹੇ ਹਨ।
ਇਸ ਮੌਕੇ ਰਾਸ਼ਟਰਪਤੀ ਨੇ ਚੋਣਵੀਆਂ ਸ਼ਖ਼ਸੀਅਤਾਂ ਨੂੰ ਪਰਵਾਸੀ ਭਾਰਤੀ ਪੁਰਸਕਾਰਾਂ ਨਾਲ ਵੀ ਨਿਵਾਜਿਆ। ਇਹ ਸਨਮਾਨ ਪਰਵਾਸੀ ਭਾਰਤੀਆਂ ਨੂੰ ਦੇਸ਼-ਵਿਦੇਸ਼ ਵਿਚ ਹਾਸਲ ਕੀਤੀਆਂ ਉਨ੍ਹਾਂ ਦੀਆਂ ਉਪਲਬਧੀਆਂ ਲਈ ਦਿੱਤੇ ਗਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।