ਚੰਡੀਗੜ੍ਹ  : ਪੰਜਾਬ ਦੇ ਡਰੱਗ ਮਾਮਲੇ ਵਿੱਚ ਨਾਮਜ਼ਦ ਅਕਾਲੀ ਆਗੂ ਬਿਕਰਮ ਮਜੀਠੀਆ ਦੀਆਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਤਸਵੀਰਾਂ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਆਮ ਆਦਮੀ ਪਾਰਟੀ ਨੇ ਇਸ ਨੂੰ ਚੋਣ ਸਟੰਟ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਚਾਲੇ ਗੁਪਤ ਡੀਲ ਹੋ ਚੁੱਕੀ ਹੈ।

 

ਪੰਜਾਬ ਵਿੱਚ ਗ੍ਰਹਿ ਮੰਤਰਾਲਾ ਸੰਭਾਲ ਰਹੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਇਹ ਫੋਟੋ ਪੁਰਾਣੀ ਲੱਗ ਰਹੀ ਹੈ। ਮਜੀਠੀਆ ਨੇ ਸੱਚਖੰਡ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਕਿਉਂ ਨਹੀਂ ਟੇਕਿਆ ? ਉਨ੍ਹਾਂ ਕਿਹਾ ਕਿ ਪੁਲਿਸ ਕਦੇ ਵੀ ਦਰਬਾਰ ਸਾਹਿਬ ਦੇ ਅੰਦਰ ਨਹੀਂ ਜਾਵੇਗੀ। ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ( SGPC ) ਕਹਿ ਦੇ ਤਾਂ ਵੀ ਉਹ ਸੋਚ ਕੇ ਅੰਦਰ ਜਾਣਗੇ।

‘ਆਪ’ ਆਗੂ ਰਾਘਵ ਚੱਢਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਬਿਕਰਮ ਮਜੀਠੀਆ ਖ਼ਿਲਾਫ਼ ਕੇਸ ਦਰਜ ਕਰਕੇ ਇਹ ਦਿਖਾਇਆ ਜਾ ਰਿਹਾ ਹੈ ਕਿ ਸਰਕਾਰ ਨਸ਼ਿਆਂ ਖ਼ਿਲਾਫ਼ ਲੜਾਈ ਜਿੱਤ ਚੁੱਕੀ ਹੈ। ਅਸੀਂ ਪਹਿਲਾਂ ਹੀ ਕਿਹਾ ਸੀ ਕਿ ਸੁਖਬੀਰ ਤੇ ਸੀਐਮ ਚੰਨੀ ਦਾ ਪੁਰਾਣਾ ਰਿਸ਼ਤਾ ਹੈ। ਲੁਧਿਆਣਾ ਦੇ ਸਿਟੀ ਸੈਂਟਰ ਘੁਟਾਲੇ 'ਚ CM ਚੰਨੀ ਦਾ ਭਰਾ ਦੋਸ਼ੀ ਸੀ, ਜਿਸ ਨੂੰ ਛੁਡਾਉਣ ਲਈ CM ਨੇ ਬਾਦਲਾਂ ਦੀ ਮਦਦ ਲਈ ਸੀ। ਜਿਸ ਕਾਰਨ ਇਹ ਫਿਕਸ ਮੈਚ ਖੇਡਿਆ ਗਿਆ ਹੈ। ਇਸੇ ਕਰਕੇ ਮਜੀਠੀਆ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਚੱਢਾ ਨੇ ਚਰਨਜੀਤ ਚੰਨੀ ਨੂੰ ਸਮਝੌਤਾਵਾਦੀ ਮੁੱਖ ਮੰਤਰੀ ਕਰਾਰ ਦਿੱਤਾ।

 

ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਆਮ ਆਦਮੀ ਪਾਰਟੀ ਦੇ ਹਮਲੇ ਦੇ ਜਵਾਬ ਵਿੱਚ ਕਿਹਾ ਕਿ ਅਸੀਂ ਅਰਵਿੰਦ ਕੇਜਰੀਵਾਲ ਵਾਂਗ ਆਪਣੇ ਪੈਰਾਂ 'ਤੇ ਡਿੱਗ ਕੇ ਮੁਆਫੀ ਨਹੀਂ ਮੰਗੀ। ਹੁਣ ਤੁਸੀਂ ਹੀ ਦੱਸੋ ਕਿ ਉਹ ਮਜੀਠੀਆ ਨਾਲ ਮਿਲੇ ਹਨ ਜਾਂ ਅਸੀਂ ਮਿਲੇ ਹਾਂ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਹੋਣ ਦਾ ਝੂਠਾ ਬਹਾਨਾ ਬਣਾ ਕੇ ਮੁਆਫ਼ੀ ਮੰਗੀ ਗਈ ਹੈ। ਸਾਡਾ ਕੰਮ ਪ੍ਰਭਾਵਿਤ ਨਹੀਂ ਹੋਇਆ, ਅਸੀਂ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਹੋਰ ਏਜੰਡਾ ਹੈ, ਜਿਸ ਬਾਰੇ ਕੋਈ ਨਹੀਂ ਸਮਝ ਸਕਦਾ।

 

 


ਇਹ ਵੀ ਪੜ੍ਹੋ : ਕੋਰੋਨਾ ਨੂੰ ਲੈ ਕੇ CM ਕੇਜਰੀਵਾਲ ਦਾ ਦਾਅਵਾ, ਦਿੱਲੀ 'ਚ ਅੱਜ ਆ ਸਕਦੇ 3100 ਨਵੇਂ ਕੇਸ, ਡਰਨ ਦੀ ਲੋੜ ਨਹੀਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490