ਤਰਨ ਤਾਰਨ: ਕੈਪਟਨ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਤਰਨ ਤਾਰਨ ਜ਼ਿਲ੍ਹੇ ’ਚ ਪੈਂਦੇ ਖੇਮਕਰਨ ਦੇ ਪਿੰਡਾਂ ਵਿੱਚ ‘ਨਸ਼ਾ ਮੁਕਤ ਪਿੰਡ’ ਸਾਈਨ ਬੋਰਡਾਂ ਦੀ ਮੁਹਿੰਮ ਸ਼ੁਰੂ ਹੋ ਗਈ ਹੈ। ਅਜਿਹੇ 15 ਹੋਰ ਪਿੰਡ ਖ਼ੁਦ ਨੂੰ ਨਸ਼ਾ ਮੁਕਤ ਐਲਾਨਣ ਲਈ ਦਸਤਾਵੇਜ਼ੀ ਕਾਰਵਾਈ ਕਰਵਾ ਰਹੇ ਹਨ।

ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਤੇ ਬਾਰਡਰ ਰੇਂਜ ਦੇ ਆਈਜੀ ਐਸਪੀਐਸ ਪਰਮਾਰ ਨੇ ਇਸ ਸਬੰਧੀ ਵਿਸ਼ੇਸ਼ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਦੱਸਿਆ ਕਿ ਪਹਿਲੇ ਤਿੰਨ ਸਾਈਨ ਬੋਰਡ ਮਸਤਗੜ੍ਹ, ਮਨਾਵਾਂ ਤੇ ਕਲੰਜਰ ਉਤਾੜ ਪਿੰਡਾਂ ਵਿੱਚ 14 ਜੁਲਾਈ ਨੂੰ ਲਾਏ ਜਾ ਚੁੱਕੇ ਹਨ।

ਪਿਛਲੇ ਮਹੀਨੇ ਕੈਪਟਨ ਸਰਕਾਰ ਨੇ ਜ਼ਿਲਾ ਅਥਾਰਟੀਆਂ ਨੂੰ ਨਿਰਦੇਸ਼ ਦਿੱਤੇ ਸੀ ਕਿ ਉਹ ਆਪਣੇ ਅਧਿਕਾਰ ਖੇਤਰ ਵਿੱਚ ਪੈਂਦੇ ਪਿੰਡਾਂ ਨੂੰ ਨਸ਼ਾ ਮੁਕਤ ਐਲਾਨ ਕਰਨ। ਇਸ ਮੁਹਿੰਮ ਤਹਿਤ ਨਸ਼ਾ ਮੁਕਤ ਐਲਾਨ ਕੀਤੇ ਪਿੰਡਾਂ ਦੀ ਪੰਚਾਇਤ ਨੂੰ ਖੇਡਾਂ ਦਾ ਸਾਮਾਨ ਖਰੀਦਣ ਲਈ 5 ਲੱਖ ਰੁਪਏ ਦੀ ਗਰਾਂਟ ਦਿੱਤੀ ਜਾਏਗੀ।

ਪੱਟੀ ਤੇ ਭਿੱਖੀਵਿੰਡ ਸਬਡਿਵੀਜ਼ਨ ਦੇ ਐਸਡੀਐਮ ਸੁਰਿੰਦਰ ਸਿੰਘ ਨੇ ਦੱਸਿਆ ਕਿ ਜੇ ਕੋਈ ਨੌਜਵਾਨ ਨਸ਼ਾ ਮੁਕਤੀ ਲਈ ਆਪਣਾ ਇਲਾਜ ਕਰਵਾ ਰਿਹਾ ਹੈ ਤਿ ਉਸ ਦੀ ਦਵਾਈ ਚਾਲੂ ਹੋ ਚੁੱਕੀ ਹੈ ਤਾਂ ਉਸ ਨੂੰ ਨਸ਼ਿਆਂ ਦਾ ਆਦੀ ਨਹੀਂ, ਬਲਕਿ ਇੱਕ ਮਰੀਜ਼ ਮੰਨਿਆ ਜਾਏਗਾ। ਸੂਬੇ ਵਿੱਚ ਇਕੱਲਾ ਭਿੱਖੀਵਿੰਡ ਹੀ ਅਜਿਹੀ ਸਬ ਡਿਵੀਜ਼ਨ ਹੈ ਜਿਸ ਦੇ ‘ਨਸ਼ਾ ਮੁਕਤ’ ਐਲਾਨੇ ਗਏ ਹਨ।