ਹੁਸ਼ਿਆਰਪੁਰ: ਆਮ ਆਦਮੀ ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ.ਬਲਬੀਰ ਸਿੰਘ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਦਾ ਆਪਸੀ ਕਾਟੋ-ਕਲੇਸ਼ ਥੰਮਣ ਦਾ ਨਾਂਅ ਨਹੀਂ ਲੈ ਰਿਹਾ। ਪਿਛਲੇ ਦਿਨੀਂ ਪੈਸਿਆਂ ਨੂੰ ਲੈ ਕੇ ਦਿੱਤੇ ਬਿਆਨ ਤੋਂ ਉੱਠੇ ਵਿਵਾਦ ਤੋਂ ਬਾਅਦ ਡਾ.ਬਲਬੀਰ ਨੇ ਕਿਹਾ ਕਿ ਜਿਸ ਇਨਸਾਨ ਨੇ ਇਹ ਬਿਆਨ ਦਿੱਤਾ ਹੈ ਅਸਲ 'ਚ ਉਹ ਪਾਰਟੀ ਦਾ ਵਰਕਰ ਵੀ ਨਹੀਂ ਹੈ। ਬਲਬੀਰ ਨੇ ਕਿਹਾ ਕਿ ਉਨ੍ਹਾਂ ਦਾ ਖਹਿਰਾ ਨਾਲ ਕੋਈ ਮਤਭੇਦ ਨਹੀਂ ਹੈ ਖਹਿਰਾ ਪਾਰਟੀ ਦੇ ਸਿਪਾਹੀ ਹਨ।
ਡਾ.ਬਲਬੀਰ ਦਾ ਇਹ ਬਿਆਨ ਖਹਿਰਾ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ ਜਿਸ 'ਚ ਖਹਿਰਾ ਨੇ ਕਿਹਾ ਹੈ ਕਿ ਡਾ.ਬਲਬੀਰ ਨੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸਦੀ ਸ਼ਿਕਾਇਤ ਉਹ ਮਨੀਸ਼ ਸਿਸੋਦੀਆ ਕੋਲ ਕਰਨਗੇ। ਖਹਿਰਾ ਨੇ ਕਿਹਾ ਕਿ ਡਾ.ਬਲਬੀਰ ਆਪਣੇ ਬਿਆਨ ਲਈ ਉਨ੍ਹਾਂ ਤੋਂ ਮਾਫੀ ਮੰਗਣ।
ਦੂਜੇ ਪਾਸੇ ਅੱਜ ਹੁਸ਼ਿਆਰਪੁਰ ਪਹੁੰਚੇ ਡਾ.ਬਲਬੀਰ ਨੇ ਇਸ ਬਿਆਨ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਡਾ.ਬਲਬੀਰ ਨੇ ਸਾਰਾ ਭਾਂਡਾ ਅਕਾਲੀ ਦਲ ਸਿਰ ਭੰਨਦਿਆਂ ਕਿਹਾ ਕਿ ਇਹ ਅਕਾਲੀ ਦਲ ਦੀ ਸ਼ਰਾਰਤ ਹੋ ਸਕਦੀ ਹੈ ਕਿਉਂਕਿ ਉਨ੍ਹਾਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ।