ਫ਼ਾਜ਼ਿਲਕਾ: ਇੱਥੋਂ ਦੀ ਪੁਲਿਸ ਨੇ ਤਿੰਨ ਨੌਜਵਾਨ ਲੜਕੀਆਂ ਨੂੰ ਨਸ਼ੇ ਸਪਲਾਈ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਤੋਂ 1020 ਨਸ਼ੀਲੀ ਗੋਲ਼ੀਆਂ ਵੀ ਬਰਾਮਦ ਕੀਤੀਆਂ ਹਨ।

ਥਾਣਾ ਅਰਨੀਵਾਲਾ ਦੇ ਮੁਖੀ ਕੌਰ ਸਿੰਘ ਨੇ ਦੱਸਿਆ ਪਿੰਡ ਨੁਕੇਰੀਆਂ ਕੋਲ ਗਸ਼ਤ 'ਤੇ ਪੁਲਿਸ ਮੁਲਾਜ਼ਮਾਂ ਸਾਹਮਿਓਂ ਇੱਕ ਬਾਇਕ 'ਤੇ ਸਵਾਰ ਹੋਕੇ ਆ ਰਹੀਆਂ ਕੁੜੀਆਂ ਨੇ ਮੋਟਰਸਾਈਕਲ ਵਾਪਸ ਮੋੜ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਕੁੜੀਆਂ ਨੂੰ ਫੜਨ ਵਿੱਚ ਸਫਲਤਾ ਹਾਸਲ ਕਰ ਲਈ। ਕੁੜੀਆਂ ਕੋਲੋਂ 1020 ਨਸ਼ੀਲੀਆਂ ਗੋਲ਼ੀਆਂ ਬਰਾਮਦ ਹੋਈਆਂ ਹਨ। ਕੌਰ ਸਿੰਘ ਨੇ ਦੱਸਿਆ ਕਿ ਉਕਤ ਮੁਟਿਆਰਾਂ ਪਿੰਡ ਕਾਠਗੜ ਤੇ ਨੁਕੇਰੀਆਂ ਦੀਆਂ ਹੀ ਰਹਿਣ ਵਾਲੀਆਂ ਹਨI

ਥਾਣਾ ਮੁਖੀ ਨੇ ਦੱਸਿਆ ਕਿ ਨਸ਼ੇ ਦੀ ਸਪਲਾਈ ਲਈ ਹੁਣ ਨੌਜਵਾਨ ਲੜਕੀਆਂ ਦੇ ਗਰੋਹ ਵੀ ਸਾਹਮਣੇ ਆਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਵਿੱਚ ਕੁਝ ਮੁਟਿਆਰਾਂ ਨਸ਼ੇ ਦੀ ਸਪਲਾਈ ਕਰ ਰਹੀਆਂ ਹਨ ਜੋ ਪਿੰਡ-ਪਿੰਡ ਨਸ਼ਾ ਵੇਚਣ ਲਈ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਉਕਤ ਕੁੜੀਆਂ ਦੀ ਇੱਕ ਹੋਰ ਸਾਥਣ ਫਰਾਰ ਹੈ, ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ।