2 ਦਿਨਾਂ ਤੋਂ ਜਾਰੀ ਮੀਂਹ ਕਾਰਨ ਕਈ ਏਕੜ ਫਸਲ ਖ਼ਰਾਬ, ਕਿਸਾਨ ਬੋਲੇ ਮੁਆਵਜ਼ਾ ਤਾਂ ਦੂਰ ਕੋਈ ਅਧਿਕਾਰੀ ਦੌਰਾ ਤੱਕ ਨਹੀਂ ਕਰਨ ਆਇਆ...
ਇਕ ਪਾਸੇ ਜਿੱਥੇ ਤੇਜ਼ ਬਾਰਿਸ਼ ਨਾਲ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਇਹ ਮੀਂਹ ਕਿਸਾਨਾਂ ਲਈ ਵੱਡੀ ਮੁਸੀਬਤ ਬਣ ਗਿਆ ਹੈ।ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਝੋਨੇ ਦੀ ਕਟਾਈ ਰੁੱਕ ਗਈ ਹੈ।
ਗੁਰਦਾਸਪੁਰ: ਇਕ ਪਾਸੇ ਜਿੱਥੇ ਤੇਜ਼ ਬਾਰਿਸ਼ ਨਾਲ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਇਹ ਮੀਂਹ ਕਿਸਾਨਾਂ ਲਈ ਵੱਡੀ ਮੁਸੀਬਤ ਬਣ ਗਿਆ ਹੈ।ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਝੋਨੇ ਦੀ ਕਟਾਈ ਰੁੱਕ ਗਈ ਹੈ।ਇਸ ਦੇ ਨਾਲ ਹੀ ਨੀਵੇਂ ਇਲਾਕਿਆਂ ਦੀ ਪੱਕੀ ਹੋਈ ਫਸਲ 'ਚ ਪਾਣੀ ਖੜ੍ਹਾ ਹੋਣ ਕਾਰਨ ਫ਼ਸਲ ਖਰਾਬ ਹੋ ਗਈ ਹੈ।
ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਇਲਾਕੇ ਦੋਰਾਂਗਲਾ ਬਲਾਕ ਦੇ ਅਧੀਨ ਪੈਂਦੇ ਪਿੰਡਾਂ ਦੀ 600 ਏਕੜ ਕਰੀਬ ਫਸਲ ਬਾਰਿਸ਼ ਦੀ ਮਾਰ ਦੇ ਹੇਠ ਆਉਣ ਕਾਰਨ ਕਿਸਾਨਾਂ ਨੂੰ ਦੋਹਰੀ ਮਾਰ ਪਈ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਦੀ ਜ਼ਮੀਨ ਦੀ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਜਾਣਕਾਰੀ ਦਿੰਦਿਆਂ ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਚਾਈਨੀਸ ਵਾਇਰਸ ਨਾਮਕ ਬਿਮਾਰੀ ਕਾਰਨ ਨੁਕਸਾਨ ਝੱਲਣਾ ਪਿਆ ਅਤੇ ਹੁਣ ਬਾਰਸ਼ ਨੇ ਉਨ੍ਹਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਮਿਹਨਤ ਨਾਲ ਬੀਜੀ ਗਈ ਫਸਲ ਦਾ ਝਾੜ ਘੱਟ ਗਿਆ ਤੇ ਦਾਣਾ ਕਾਲਾ ਪੈ ਗਿਆ ਹੈ।
ਕਿਸਾਨਾਂ ਨੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਨੁਕਸਾਨੀ ਫਸਲ ਦਾ ਮੁਆਵਜ਼ਾ ਮਿਲਣਾ ਤਾਂ ਦੂਰ ਕੋਈ ਸਰਕਾਰੀ ਅਧਿਕਾਰੀ ਉਨ੍ਹਾਂ ਦੇ ਇਲਾਕੇ ਦਾ ਦੌਰਾ ਤੱਕ ਕਰਨ ਨਹੀਂ ਆਇਆ। ਹੁਣ ਲਗਾਤਾਰ ਦੋ ਦਿਨ ਤੋਂ ਹੋ ਰਹੀ ਬਾਰਿਸ਼ ਕਾਰਨ ਰਹਿੰਦ ਖੂੰਦ ਫਸਲ ਵੀ ਖ਼ਰਾਬ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਉਹ ਆਪਣੇ ਹੱਥ ਨਾਲ ਫਸਲ ਵਾਹੁਣ ਜਾਂ ਫਿਰ ਗੁੱਜਰ ਸਮੁਦਾਇ ਨੂੰ ਮੁਫਤ ਵਿਚ ਦੇ ਕੇ ਕਟਾਉਣ ਲਈ ਮਜਬੂਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਨੀਵਾਂ ਹੋਣ ਕਾਰਨ ਇਹ ਇਲਾਕਾ ਹਰ ਵਾਰ ਬਾਰਸ਼ ਦੀ ਚਪੇਟ ਵਿੱਚ ਆਉਂਦਾ ਹੈ। ਪਰ ਸਰਕਾਰ ਵੱਲੋਂ ਅਜੇ ਤੱਕ ਪਿਛਲੀ ਖਰਾਬ ਹੋਈ ਕਣਕ ਦੀ ਫਸਲ ਦਾ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ।
ਕਿਸਾਨਾਂ ਨੇ ਕਿਹਾ ਕਿ ਮਿਹਨਤ ਕਰਕੇ ਅਤੇ ਆਪਣੇ ਕੋਲੋਂ ਖਰਚ ਕਰਕੇ ਉਹ ਫਸਲ ਬੀਜਦੇ ਹਨ ਤਾਂ ਜੋ ਦੇਸ਼ ਵਾਸੀਆਂ ਦਾ ਢਿੱਡ ਭਰ ਸਕਣ। ਪਰ ਕਿਸਾਨ ਨੂੰ ਉਸ ਦੀ ਮਿਹਨਤ ਦਾ ਮੁੱਲ ਮਿਲਣਾ ਤਾਂ ਦੂਰ ਇਹਨਾਂ ਹਲਾਤਾਂ ਵਿੱਚ ਆਪਣੇ ਕੋਲੋਂ ਲਗਾਈ ਗਈ ਲਾਗਤ ਵੀ ਵਾਪਸ ਨਹੀਂ ਮੁੜ ਰਹੀ। ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰ ਵੱਲੋਂ ਜਲਦੀ ਤੋਂ ਜਲਦੀ ਇਲਾਕੇ ਦਾ ਸਰਵੇ ਕਰਵਾ ਕੇ ਉਨ੍ਹਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ।