School Closed - ਹੜ੍ਹਾਂ ਕਾਰਨ ਸਕੂਲਾਂ 'ਚ ਮੁੜ ਛੁੱਟੀਆਂ, 23 ਅਗਸਤ ਤੱਕ ਸਕੂਲ ਰਹਿਣਗੇ ਬੰਦ
Punjab School ਪੰਜਾਬ ਵਿੱਚ ਆਏ ਹੜਾਂ ਕਰਕੇ ਕਾਫੀ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ। ਫਸਲਾਂ ਤਬਾਹ ਹੋ ਗਈਆਂ ਹਨ । ਹਰ ਪਾਸੇ ਪਾਣੀ ਹੀ ਪਾਣੀ ਭਰ ਗਿਆ ਹੈ। ਇਸ ਸਭ ਦੇ ਚਲ....
ਪੰਜਾਬ ਵਿੱਚ ਆਏ ਹੜਾਂ ਕਰਕੇ ਕਾਫੀ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ। ਫਸਲਾਂ ਤਬਾਹ ਹੋ ਗਈਆਂ ਹਨ । ਹਰ ਪਾਸੇ ਪਾਣੀ ਹੀ ਪਾਣੀ ਭਰ ਗਿਆ ਹੈ। ਇਸ ਸਭ ਦੇ ਚਲਦੇ ਬੱਚਿਆਂ ਨੂੰ ਸਕੂਲ ਵਿੱਚ ਜਾਣ ਦੀ ਮੁਸ਼ਕਿਲ ਦੇਖਦੇ ਹੋਏ ਸਰਕਾਰ ਨੇ ਪਾਣੀ ਭਰਨ ਵਾਲੇ ਸ਼ਹਿਰਾਂ ਤੇ ਪਿਡਾਂ ਵਿੱਚ ਛੁਟੀਆਂ ਦਾ ਐਲਾਨ ਕਰ ਦਿੱਤਾ ਹੈ।
ਸਰਹੱਦੀ ਜ਼ਿਲ੍ਹਿਆਂ 'ਚ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਦੇ ਮੱਦੇਨਜ਼ਰ ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਨੇ 12 ਪਿੰਡਾਂ ਦੇ ਸਕੂਲ 23 ਅਗਸਤ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਸ਼ਾਮਲ ਹਨ। ਜ਼ਿਲ੍ਹਾ ਮੈਜਿਸਟ੍ਰੇਟ ਡਾ: ਸੇਨੂ ਦੁੱਗਲ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਫਾਜ਼ਿਲਕਾ ਜਿ਼ਲ੍ਹੇ ਦੇ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ/ਢਾਣੀਆ ਵਿੱਚ ਰਹਿੰਦੇ ਬੱਚਿਆ ਨੂੰ 23 ਅਗਸਤ 2023 ਤੱਕ ਹਰੇਕ ਸਕੂਲ ਨੂੰ ਛੁੱਟੀਆਂ ਘੋਸ਼ਿਤ ਕਰਨ ਦਾ ਹੁਕਮ ਦਿੱਤਾ ਹੈ।
ਜਾਰੀ ਹੁਕਮਾਂ ਅਨੁਸਾਰ ਜਲਾਲਾਬਾਦ ਤਹਿਸੀਲ ਅਧੀਨ ਪੈਂਦੇ ਢਾਣੀ ਨੱਥਾ ਸਿੰਘ, ਢਾਣੀ ਫੂਲਾ ਸਿੰਘ, ਢਾਣੀ ਆਤੂ ਵਾਲਾ ਅਤੇ ਢਾਣੀਆਂ ਪੀਰੇ ਕੇ ਉਤਾੜ ਅਤੇ ਫਾਜਿਲਕਾ ਤਹਿਸੀਲ ਅਧੀਨ ਪੈਂਦੇ ਝੰਗਣ ਭੈਣੀ, ਗੁਲਾਬਾ ਭੈਣੀ,ਦੋਨਾ ਨਾਨਕਾ ਤੇਜਾ ਰੁਹੇਲਾ, ਗੱਟੀ ਨੰਬਰ 1, ਢਾਣੀ ਸੱਦਾ ਸਿੰਘ, ਮੁਹਾਰ ਜਮਸ਼ੇਰ, ਮਹਾਤਮ ਨਗਰ ਸ਼ਾਮਿਲ ਹਨ। ਜ਼ਿਲ੍ਹੇ ਦੇ ਬਾਕੀ ਸਮੂਹ ਸਕੂਲ ਆਮ ਵਾਂਗ ਖੁੱਲਣਗੇ।
ਹੁਸੈਨੀਵਾਲਾ ਹੈਡਵਰਕਸ ਤੋਂ 258910 ਕਿਉਸਿਕ ਪਾਣੀ ਛੱਡਿਆ
ਪਿੱਛਲੇ ਦਿਨੀਂ ਪਹਾੜਾਂ ਤੇ ਹੋਈਆਂ ਮੋਹਲੇਧਾਰ ਬਾਰਿਸ਼ਾਂ ਕਾਰਨ ਨਦੀਆਂ ਵਿਚ ਆਏ ਪਾਣੀ ਦੀ ਆਵਕ ਹੁਣ ਫਾਜ਼ਿਲਕਾ ਜ਼ਿਲ੍ਹੇ ਦੀਆਂ ਹੱਦਾਂ ਨੂੰ ਛੂਹਣ ਲੱਗੀ ਹੈ। ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ, ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਅਤੇ ਐਸਐਸਪੀ ਮਨਜੀਤ ਸਿੰਘ ਢੇਸੀ ਨੇ ਮੁੜ ਸਰਹੱਦੀ ਪਿੰਡਾਂ ਵਿਚ ਹੜ੍ਹਾਂ ਖਿਲਾਫ ਮੋਰਚਾ ਸੰਭਾਲ ਲਿਆ ਅਤੇ ਦੋਹਾਂ ਅਧਿਕਾਰੀਆਂ ਨੇ ਸਰਹੱਦੀ ਪਿੰਡਾਂ ਵਿਚ ਜਾ ਕੇ ਹੜ੍ਹ ਰੋਕੂ ਪ੍ਰਬੰਧਾਂ ਦੀ ਅਗਵਾਈ ਕੀਤੀ।
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਸੁੱਕਰਵਾਰ ਦੀ ਦੁਪਹਿਰ ਹੁਸੈਨੀਵਾਲਾ ਹੈਡਵਰਕਸ ਤੋਂ 258910 ਕਿਉਸਿਕ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਇਹ ਪਾਣੀ ਦੀ ਮਾਤਰਾ ਪਿੱਛਲੇ ਦਿਨਾਂ ਵਿਚ ਆਏ ਪਾਣੀ ਤੋਂ ਜਿਆਦਾ ਹੈ। ਉਨ੍ਹਾਂ ਨੇ ਇਸ ਸਬੰਧੀ ਲੋਕਾਂ ਨੂੰ ਸੁਚੇਤ ਕੀਤਾ ਕਿ ਨੀਵੇਂ ਥਾਂਵਾਂ ਤੇ ਰਹਿੰਦੇ ਲੋਕ ਤੁਰੰਤ ਰਾਹਤ ਕੇਂਦਰਾਂ ਵਿਚ ਜਾਂ ਹੋਰ ਸੁਰੱਖਿਅਤ ਥਾਵਾਂ ਤੇ ਪਹੁੰਚਣ ਕਿਉਂਕਿ ਪਿੱਛੇ ਤੋਂ ਜਿਆਦਾ ਪਾਣੀ ਆਉਣ ਤੇ ਸੜਕੀ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ।
ਇਸੇ ਤਰਾਂ ਡਿਪਟੀ ਕਮਿਸ਼ਨਰ ਨੇ ਖਾਸ ਕਰਕੇ ਗਰਭਵਤੀ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਜਰੂਰ ਰਾਹਤ ਕੈਂਪਾਂ ਜਾਂ ਆਪਣੇ ਕਿਸੇ ਰਿਸਤੇਦਾਰ ਦੇ ਘਰ ਚਲੇ ਜਾਣ ਕਿਉਂਕਿ ਜ਼ੇਕਰ ਜਿਆਦਾ ਪਾਣੀ ਆ ਗਿਆ ਤਾਂ ਉਨ੍ਹਾਂ ਲਈ ਜਣੇਪੇ ਲਈ ਹਸਪਤਾਲ ਤੱਕ ਪਹੁੰਚਣ ਵਿਚ ਮੁਸਕਿਲ ਆ ਸਕਦੀ ਹੈ। ਇਸੇ ਤਰਾਂ ਉਨ੍ਹਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਨੂੰ ਪਾਣੀ ਦੇ ਨੇੜੇ ਨਾ ਜਾਣ ਦੇਣ।
ਉਨ੍ਹਾਂ ਨੇ ਕਿਹਾ ਕਿ ਹੜ੍ਹਾਂ ਸਬੰਧੀ ਕਿਸੇ ਵੀ ਮੁਸਕਿਲ ਸਮੇਂ ਲੋਕ 01638—262153 ਨੰਬਰ ਤੇ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਵੱਖ ਵੱਖ ਵਿਭਾਗਾਂ ਦੀਆਂ ਟੀਮਾਂ ਪਿੰਡਾਂ ਵਿਚ ਤਾਇਨਾਤ ਕੀਤੀਆਂ ਗਈਆਂ ਹਨ। ਮੈਡੀਕਲ ਟੀਮਾਂ ਪਿੰਡਾਂ ਵਿਚ ਲੋਕਾਂ ਦੀ ਮਦਦ ਲਈ ਹਨ ਜਦ ਕਿ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਲੋਕਾਂ ਦੇ ਜਾਨਵਰਾਂ ਦੇ ਇਲਾਜ ਲਈ ਪਿੰਡਾਂ ਵਿਚ ਤਾਇਨਾਤ ਹਨ। ਇਸ ਤੋਂ ਬਿਨ੍ਹਾਂ ਪਸ਼ੂਆਂ ਲਈ ਚਾਰੇ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ।