(Source: ECI/ABP News/ABP Majha)
ED Action on Dharamsot: ਸਾਧੂ ਸਿੰਘ ਧਰਮਸੋਤ 'ਤੇ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ, ਈਡੀ ਨੇ 4.58 ਕਰੋੜ ਦੀ ਜਾਇਦਾਦ ਕੀਤੀ ਜ਼ਬਤ
ED Action on Dharamsot: ਨਵੰਬਰ 2023 ਵਿਚ ਹੀ ਧਰਮਸੋਤ ਤੋਂ ਇਲਾਵਾ ਈਡੀ ਨੇ ਸੰਗਤ ਸਿੰਘ ਗਿਲਜੀਆਂ, ਜੰਗਲਾਤ ਵਿਭਾਗ ਦੇ ਕੁਝ ਠੇਕੇਦਾਰਾਂ ਅਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਸੀ।
ED Action on Dharamsot: ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਲੀਡਰ ਸਾਧੂ ਸਿੰਘ ਧਰਮਸੋਤ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਸਾਧੂ ਸਿੰਘ ਧਰਮਸੋਤ ਦੀ 4 ਕਰੋੜ 58 ਲੱਖ ਦੀ ਜਾਇਦਾਦ ਜ਼ਬਤ ਕਰ ਲਈ ਹੈ। ਇਸ ਜਾਇਦਾਦ ਵਿੱਚ ਧਰਮਸੋਤ ਦੇ ਪੁੱਤਰ ਨੂੰ ਵੀ ਅਟੈਚ ਕੀਤਾ ਗਿਆ ਹੈ।
ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ਼ ਸਭ ਤੋਂ ਪਹਿਲਾਂ ਕਾਰਵਾਈ ਕੀਤੀ ਸੀ। ਜੰਗਲਾਤ ਮਹਿਕਮੇ ਵਿੱਚ ਦਰਖ਼ਤਾਂ ਦੀ ਗ਼ੈਰ ਕਾਨੂੰਨੀ ਤਰੀਕੇ ਨਾਲ ਕਟਾਈ ਅਤੇ ਪ੍ਰਤੀ ਦਰਖ਼ਤ ਹਿੱਸੇਦਾਰੀ ਦੇ ਇਲਜ਼ਾਮਾਂ ਤਹਿਤ ਵਿਜੀਲੈਂਸ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਇਹ ਕੇਸ ਈਡੀ ਕੋਲ ਪਹੁੰਚਿਆ ਸੀ। ਈਡੀ ਨੇ ਸਾਧੂ ਸਿੰਘ ਧਰਮਸੋਤ ਖਿਲਾਫ਼ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਨਵੰਬਰ 2023 ਵਿਚ ਹੀ ਧਰਮਸੋਤ ਤੋਂ ਇਲਾਵਾ ਈਡੀ ਨੇ ਸੰਗਤ ਸਿੰਘ ਗਿਲਜੀਆਂ, ਜੰਗਲਾਤ ਵਿਭਾਗ ਦੇ ਕੁਝ ਠੇਕੇਦਾਰਾਂ ਅਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਸੀ।
ਸਾਧੂ ਸਿੰਘ ਧਰਮਸੋਤ 1 ਮਾਰਚ 2016 ਤੋਂ 31 ਮਾਰਚ 2022 ਤੱਕ ਪੰਜਾਬ ਦੇ ਜੰਗਲਾਤ ਮੰਤਰੀ ਰਹੇ ਹਨ। ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੇ ਤਹਿਤ ਈਡੀ ਦੀ ਜਾਂਚ ਵਿੱਚ ਪਾਇਆ ਗਿਆ ਕਿ ਸਾਬਕਾ ਮੰਤਰੀ ਧਰਮਸੋਤ ਨੇ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਇਕੱਠੀ ਕੀਤੀ। ਈਡੀ ਨੇ ਕਿਹਾ- ਉਨ੍ਹਾਂ ਅਤੇ ਉਨ੍ਹਾਂ ਦੇ ਪੁੱਤਰਾਂ ਦੀ ਆਮਦਨ ਦੱਸੇ ਗਏ ਸਰੋਤਾਂ ਨਾਲ ਮੇਲ ਨਹੀਂ ਖਾਂਦੀ ਹੈ। ਜਿਸ ਕਾਰਨ ਇਹ ਕਾਰਵਾਈ ਕੀਤੀ ਗਈ।
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀਰਵਾਰ ਰਾਤ ਨੂੰ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ। ਈਡੀ ਦਫ਼ਤਰ ਜਲੰਧਰ ਨੇ ਇਹ ਕਾਰਵਾਈ ਕੀਤੀ ਹੈ। ਕੁਰਕੀ ਵਿੱਚ ਚਾਰ ਅਚੱਲ ਜਾਇਦਾਦਾਂ ਸ਼ਾਮਲ ਹਨ। ਜਿਸ ਵਿੱਚ ਪੰਜਾਬ ਵਿੱਚ ਦੋ ਰਿਹਾਇਸ਼ੀ ਪਲਾਟ, ਇੱਕ ਰਿਹਾਇਸ਼ੀ ਮਕਾਨ ਅਤੇ ਇੱਕ ਰਿਹਾਇਸ਼ੀ ਫਲੈਟ ਸ਼ਾਮਲ ਹੈ ਜਿਸ ਵਿੱਚ ਬੈਂਕ ਬੈਲੰਸ ਅਤੇ ਮਿਉਚੁਅਲ ਫੰਡਾਂ ਵਿੱਚ ਨਿਵੇਸ਼ ਸਮੇਤ ਅਚੱਲ ਅਤੇ ਚੱਲ ਜਾਇਦਾਦ ਸ਼ਾਮਲ ਹੈ।
ਈਡੀ ਨੇ ਭ੍ਰਿਸ਼ਟਾਚਾਰ ਰੋਕੂ ਐਕਟ, 1988 ਦੇ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੀ ਐਫਆਈਆਰ ਦੇ ਆਧਾਰ 'ਤੇ ਜਾਂਚ ਸ਼ੁਰੂ ਕੀਤੀ ਸੀ। ਈਡੀ ਵੱਲੋਂ ਕੀਤੀ ਗਈ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਧਰਮਸੋਤ ਨੇ 6.39 ਕਰੋੜ ਰੁਪਏ ਦੀ ਆਮਦਨ ਤੋਂ ਵੱਧ ਜਾਇਦਾਦ ਹਾਸਲ ਕੀਤੀ ਸੀ। ਧਰਮਸੋਤ ਤੋਂ ਵੀ ਇਸ ਜਾਇਦਾਦ ਬਾਰੇ ਪੁੱਛਗਿੱਛ ਕੀਤੀ ਗਈ ਸੀ। ਪਰ ਕੋਈ ਸਪੱਸ਼ਟ ਜਵਾਬ ਨਹੀਂ ਮਿਲਿਆ।
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦੋ ਮਹੀਨੇ ਪਹਿਲਾਂ ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕੀਤਾ ਸੀ। ਧਰਮਸੋਤ ਨੂੰ ਈਡੀ ਦੀ ਜਲੰਧਰ ਯੂਨਿਟ ਨੇ ਜੰਗਲਾਤ ਘੁਟਾਲੇ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਪੁੱਛਗਿੱਛ ਲਈ ਬੁਲਾਇਆ ਸੀ। ਜਿੱਥੇ ਜਵਾਬ ਤੋਂ ਸੰਤੁਸ਼ਟ ਨਾ ਹੋਣ 'ਤੇ ਈਡੀ ਨੇ ਇਹ ਕਾਰਵਾਈ ਕੀਤੀ।