ਦੋਰਾਂਗਲਾ: ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਾਂ ਦਾ ਕੰਮ ਜਾਰੀ ਹੈ। ਅਜਿਹੇ 'ਚ ਵੋਟਾਂ 'ਚ ਨਵੇਂ ਨਵੇਂ ਰੰਗ ਦੇਖਣ ਨੂੰ ਮਿਲ ਰਹੇ ਹਨ। ਚੋਣ ਕਮਿਸ਼ਨ ਨੂੰ ਵੋਟਰਾਂ ਨੂੰ ਆਪਣੀ ਵੋਟ ਦੇ ਹੱਕ ਦੀ ਵਰਤੋਂ ਲਈ ਉਤਸ਼ਾਹਿਤ ਕਰਨ ਲਈ ਸਰਹੱਦੀ ਪਿੰਡ ਗਾਹਲੜੀ ਦੇ ਬੂਥ ਨੰਬਰ 27 ਅਤੇ 28 ਨੂੰ ਮਾਡਲ ਬੂਥ ਵਜੋਂ ਵਿਕਸਿਤ ਕੀਤਾ ਗਿਆ। ਇਸ ਬੂਥ ਦੀਆਂ ਰੌਣਕਾਂ ਦੇਖਦਿਆਂ ਹੀ ਬਣਦੀਆਂ ਹਨ।
ਇਸ ਮੌਕੇ ਬੂਥ ਨੂੰ ਪੂਰੀ ਤਰ੍ਹਾਂ ਸਵਾਗਤੀ ਗੇਟ ਬਣਾ ਕੇ ਸਜਾਇਆ ਗਿਆ ਅਤੇ ਰਸਤੇ ਵਿਚ ਮੈਟ ਵੀ ਵਿਛਾਇਆ ਗਿਆ। ਇਸ ਤੋਂ ਇਲਾਵਾ ਹਰੇਕ ਵੋਟ ਪਾਉਣ ਲਈ ਆਉਣ ਵਾਲੇ ਵਿਅਕਤੀ ਲਈ ਪਾਣੀ ਅਤੇ ਚਾਹ ਦਾ ਪ੍ਰਬੰਧ ਵੀ ਕੀਤਾ ਗਿਆ। ਬਲਾਕ ਦੋਰਾਂਗਲਾ ਵਿਚ ਇਕੋ ਇਕ ਬਣਾਇਆ ਇਹ ਮਾਡਲ ਬੂਥ ਕਾਫ਼ੀ ਖਿੱਚ ਦਾ ਕੇਂਦਰ ਰਿਹਾ।
ਦਰ ਅਸਲ ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਸ਼ੁਰੂ ਤੋਂ ਹੀ ਵੋਟਾਂ ਪਾਉਣ ਪ੍ਰਤੀ ਜਾਗਰੂਕਤਾ ਘੱਟ ਹੈ। ਅਜਿਹੇ 'ਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਚੋਣ ਕਮਿਸ਼ਨ ਆਪਣੇ ਪੱਧਰ 'ਤੇ ਲਗਾਤਾਰ ਮੁਹਿੰਮ ਚਲਾਉਂਦਾ ਹੈ। ਗੁਰਦਾਸਪੁਰ ਜ਼ਿਮਨੀ ਚੋਣ 'ਚ ਵੀ ਚੋਣ ਕਮਿਸ਼ਨ ਇਸ ਪੱਖੋਂ ਕਾਫੀ ਸਰਗਰਮ ਹੈ ਤੇ ਲਗਾਤਾਰ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਹੋਰ ਵੀ ਉਪਰਾਲੇ ਕਰ ਰਿਹਾ ਹੈ।