ਨਵੀਂ ਦਿੱਲੀ: ਭਾਰਤੀ ਚੋਣ ਕਮਿਸ਼ਨ ਨੇ ਬੇਅਦਬੀ ਅਤੇ ਗੋਲ਼ੀਕਾਂਡਾਂ ਦੀ ਪੜਤਾਲ ਕਰ ਰਹੇ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਕਰਕੇ ਪੰਜਾਬ ਸਰਕਾਰ ਨੂੰ ਇੱਕ ਵਾਰ ਫਿਰ ਝਾੜ ਪਾਈ ਹੈ। ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੇ ਬਾਵਜੂਦ ਕੁੰਵਰ ਦੇ ਐਸਆਈਟੀ ਵਿੱਚ ਕਾਰਜਸ਼ੀਲ ਰਹਿਣ ਕਾਰਨ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਹੈ।


ਕਮਿਸ਼ਨ ਨੇ ਕੈਪਟਨ ਸਰਕਾਰ ਨੂੰ ਚਿੱਠੀ ਭੇਜ ਕਿਹਾ ਹੈ ਕਿ ਜਦ ਕਮਿਸ਼ਨ ਨੇ ਆਈਜੀ ਕੁੰਵਰ ਵਿਜੇ ਪ੍ਰਤਾਪ ਨੂੰ ਜਾਂਚ ਤੋਂ ਹਟਾਉਣ ਦੇ ਹੁਕਮ ਕੀਤੇ ਸਨ ਤਾਂ ਹੁਕਮਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਗਈ। ਚੋਣ ਕਮਿਸ਼ਨ ਨੇ ਸਰਕਾਰ ਨੂੰ ਭਵਿੱਖ ਵਿੱਚ ਅਜਿਹੀ ਅਣਗਹਿਲੀ ਨਾ ਕਰਨ ਦੀ ਵੀ ਤਾਕੀਦ ਕੀਤੀ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਕੁੰਵਰ ਵਿਜੇ ਪ੍ਰਤਾਪ ਖ਼ਿਲਾਫ਼ ਦੋ ਵਾਰ ਸ਼ਿਕਾਇਤ ਕੀਤੀ ਸੀ। ਅਕਾਲੀਆਂ ਦਾ ਇਲਜ਼ਾਮ ਸੀ ਕਿ ਚੋਣ ਕਮਿਸ਼ਨ ਦੇ ਹੁਕਮਾਂ ਨੂੰ ਨਾ ਮੰਨਦਿਆਂ ਕੁੰਵਰ ਵਿਜੇ ਪ੍ਰਤਾਪ ਨੇ ਐਸਆਈਟੀ ਵਿੱਚ ਕੰਮ ਜਾਰੀ ਰੱਖਿਆ ਸੀ।