ਅੰਮ੍ਰਿਤਸਰ: ਇੱਥੋਂ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਬਣੇ ਸਪੋਰਟਸ ਵਿਭਾਗ ਦੇ ਸਟੋਰ ਨੂੰ ਅੱਗ ਲੱਗ ਲੱਗ ਗਈ, ਜਿਸ ਕਾਰਨ ਸਟੋਰ ਵਿਚਲਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਜ ਸ਼ਾਮ ਕਰੀਬ ਸਵਾ ਪੰਜ ਵਜੇ ਲੱਗੀ ਅੱਗ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਚਾਰੇ ਪਾਸੇ ਹਫੜਾ ਦਫੜੀ ਮੱਚ ਗਈ।


ਅੱਗ ਉਸ ਸਟੋਰ ਦੇ ਵਿੱਚ ਲੱਗੀ ਜਿੱਥੇ ਖੇਡ ਵਿਭਾਗ ਵੱਲੋਂ ਖਿਡਾਰੀਆਂ ਕੋਲੋਂ ਵਾਪਸ ਲਿਆ ਜਾਂਦਾ ਖੇਡਾਂ ਦਾ ਸਾਮਾਨ ਤੇ ਕਿੱਟਾਂ ਆਦਿ ਰੱਖਿਆ ਜਾਂਦਾ ਹੈ। ਅੱਗ ਕਾਰਨ ਇਹ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਚਾਰ ਟੀਮਾਂ ਅੱਗ ਬੁਝਾਊ ਗੱਡੀਆਂ ਨਾਲ ਤੁਰੰਤ ਮੌਕੇ 'ਤੇ ਪਹੁੰਚੀਆਂ ਅਤੇ ਅੱਗ ਨੂੰ ਕਾਬੂ ਪਾਇਆ।

ਪਰ ਜਦੋਂ ਤਕ ਅੱਗ 'ਤੇ ਕਾਬੂ ਪਾਇਆ ਗਿਆ ਉਦੋਂ ਤਕ ਸਟੋਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਇਸ ਸਟੋਰ ਤੋਂ ਇਲਾਵਾ ਦੋ ਹੋਰ ਸਟੋਰ ਸਨ ਜਿਨ੍ਹਾਂ ਨੂੰ ਅੱਗ ਲੱਗ ਸਕਦੀ ਸੀ ਅਤੇ ਇਸ ਦਾ ਬਚਾਅ ਕਰਨ ਵਿੱਚ ਉਹ ਸਫਲ ਰਹੇ।

ਮੌਕੇ 'ਤੇ ਪਹੁੰਚੇ ਜ਼ਿਲ੍ਹਾ ਖੇਡ ਅਫ਼ਸਰ ਗੁਰਲਾਲ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਨਾਲ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਕਿਉਂਕਿ ਇਸ ਸਟੋਰ ਦੇ ਅੰਦਰ ਸਿਰਫ ਉਹੀ ਸਾਮਾਨ ਰੱਖਿਆ ਜਾਂਦਾ ਸੀ ਜੋ ਖਿਡਾਰੀਆਂ ਕੋਲੋਂ ਵਰਤੋਂ ਹੋਣ ਤੋਂ ਬਾਅਦ ਵਾਪਸ ਲੈ ਲਿਆ ਜਾਂਦਾ ਸੀ। ਇਸ ਕਾਰਨ ਕੋਈ ਵੱਡੇ ਨੁਕਸਾਨ ਦਾ ਖ਼ਦਸ਼ਾ ਨਹੀਂ ਹੈ। ਉਨ੍ਹਾਂ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ।