ਬਟਾਲਾ: ਪੁਲਿਸ ਨੇ ਇੱਕ ਸਾਬਕਾ ਫੌਜੀ ਕੋਲੋਂ ਮੈਗਜ਼ੀਨ ਸਮੇਤ ਇੱਕ ਏ.ਕੇ.-47 ਰਾਈਫਲ, 23 ਜ਼ਿੰਦਾ ਕਾਰਤੂਸ ਤੇ ਇੱਕ ਹੋਰ ਵਿਅਕਤੀ ਕੋਲੋਂ 22 ਬੋਰ ਦਾ ਰਿਵਾਲਵਰ 5 ਰੌਂਦਾਂ ਸਮੇਤ ਬਰਾਮਦ ਕੀਤਾ ਹੈ। ਅੱਜ ਐਸ.ਐਸ.ਪੀ. ਦਫ਼ਤਰ ਬਟਾਲਾ 'ਚ ਬਾਰਡਰ ਰੇਂਜ ਦੇ ਆਈ.ਜੀ. ਸੁਰਿੰਦਰਪਾਲ ਸਿੰਘ ਪਰਮਾਰ ਤੇ ਐਸ.ਐਸ.ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਪ੍ਰੈੱਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ।


ਉਨ੍ਹਾਂ ਦੱਸਿਆ ਕਿ ਥਾਣਾ ਘਣੀਏ ਕੇ ਬਾਂਗਰ ਦੀ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਅਧਾਰ 'ਤੇ ਗੁਰਪ੍ਰੀਤ ਸਿੰਘ ਉਰਫ ਫ਼ੌਜੀ ਪੁੱਤਰ ਅਜੀਤ ਸਿੰਘ ਵਾਸੀ ਜੌੜਾ ਸਿੰਘਾ ਤੇ ਜੌਹਨ ਮਸੀਹ ਪੱਤਰ ਕੇਵਲ ਮਸੀਹ ਵਾਸੀ ਜੌਹਲ ਨੰਗਲ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਇੱਕ ਰਾਈਫਲ ਏ.ਕੇ. 47 ਨੰਬਰ ਟੀ.ਐਨ. 61381995 ਸਮੇਤ ਮੈਗਜ਼ੀਨ, 23 ਜ਼ਿੰਦਾ ਰੌਂਦ ਤੇ ਮੋਟਰਸਾਈਕਲ ਹੀਰੋ ਹਾਂਡਾ ਨੰਬਰ ਪੀ.ਬੀ. 06-ਕੇ-5468 ਬਰਾਮਦ ਕੀਤਾ ਹੈ। ਆਈ.ਜੀ. ਪਰਮਾਰ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਥਾਣਾ ਘਣੀਏ ਕੇ ਬਾਂਗਰ ਵਿੱਚ ਧਾਰਾ 379-ਬੀ, 212,216 ਭਾਰਤੀ ਦੰਡ ਪ੍ਰਣਾਲੀ, 25-54-59 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛ-ਗਿੱਛ ਦੌਰਾਨ ਦੋਸ਼ੀ ਗੁਰਪ੍ਰੀਤ ਸਿੰਘ ਨੇ ਮੰਨਿਆ ਹੈ ਉਹ ਸਾਬਕਾ ਫੌਜੀ ਹੈ। ਉਸ ਨੇ ਸੇਵਾਮੁਕਤੀ ਤੋਂ ਬਾਅਦ ਇਹ ਰਾਈਫਲ ਡੋਡਾ (ਜੰਮੂ ਤੇ ਕਸ਼ਮੀਰ) ਤੋਂ ਕਿਸੇ ਵਿਅਕਤੀ ਕੋਲੋਂ ਲਈ ਹੈ। ਇਸ ਤੋਂ ਇਲਾਵਾ ਮੁਲਜ਼ਮ ਨੇ ਮੰਨਿਆ ਹੈ ਕਿ ਉਸ ਨੇ ਆਪਣੇ ਸਾਥੀ ਜੌਹਨ ਮਸੀਹ ਨਾਲ ਰਲ ਕੇ ਏ.ਕੇ.-47 ਰਾਈਫਲ ਦੀ ਨੋਕ 'ਤੇ ਪਿਛਲੇ ਸਾਲ ਅੰਮ੍ਰਿਤਸਰ-ਪਠਾਨਕੋਟ ਹਾਈਵੇਅ 'ਤੇ ਟਰੱਕਾਂ ਵਾਲਿਆਂ ਤੋਂ ਕਾਫੀ ਵਾਰੀ ਪੈਸਿਆਂ ਦੀ ਖੋਹ ਕੀਤੀ ਹੈ ਤੇ ਹੋਰ ਤਿੰਨ-ਚਾਰ ਵਾਰ ਮੋਬਾਈਲ ਖੋਹਣ ਦੀਆਂ ਵਾਰਦਾਤਾਂ ਵੀ ਕੀਤੀਆਂ ਹਨ।



ਪਰਮਾਰ ਨੇ ਕਿ ਦੱਸਿਆ ਕਿ ਇਸ ਗੱਲ ਦੀ ਦੀ ਪੁੱਛ-ਗਿੱਛ ਵੀ ਚੱਲ ਰਹੀ ਹੈ ਕਿ ਉਸ ਨੇ ਇਹ ਰਾਈਫਲ ਕਿਥੋਂ, ਕਿਸ ਕੋਲੋਂ ਤੇ ਕਿਸ ਮਨਸ਼ਾ ਨਾਲ ਲਈ ਹੈ। ਆਈ.ਜੀ. ਨੇ ਦੱਸਿਆ ਕਿ ਦੋਸ਼ੀ ਜੌਹਨ ਮਸੀਹ ਨੇ ਵੀ ਪੁੱਛ-ਗਿੱਛ 'ਚ ਮੰਨਿਆ ਹੈ ਕਿ ਉਸ ਕੋਲੋਂ ਇੱਕ ਲਾਇਸੰਸੀ 12 ਬੋਰ ਰਾਈਫਲ ਸੀ, ਜੋ ਉਸ ਨੇ ਗੈਂਗਸਟਰ ਰਾਣਾ ਕੰਦੋਵਾਲ ਨੂੰ ਦਿੱਤੀ ਹੈ, ਜੋ ਕਿ ਇਸ ਸਮੇਂ ਜੇਲ੍ਹ ਵਿੱਚ ਹੈ।

ਆਈ.ਜੀ. ਬਾਰਡਰ ਰੇਂਜ ਐਸ.ਪੀ. ਸਿੰਘ ਪਰਮਾਰ ਨੇ ਅੱਗੇ ਦੱਸਿਆ ਕਿ ਇਕ ਹੋਰ ਮਾਮਲੇ ਵਿੱਚ ਬਟਾਲਾ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਬਲਵੰਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਵੇਰਕਾ, ਲਾਲ ਕੋਠੀ ਨੂੰ ਪਿੰਡ ਜਾਂਗਲਾ ਪੁੱਲ ਤੋਂ ਕਾਬੂ ਕਰ ਕੇ ਉਸ ਕੋਲੋਂ ਇੱਕ ਰਿਵਾਲਵਰ 22 ਬੋਰ ਸਮੇਤ 5 ਰੌਂਦ ਬਰਾਮਦ ਕੀਤੇ ਹਨ।

ਇਸ ਮੁਲਜ਼ਮ ਖਿਲਾਫ ਥਾਣਾ ਘਣੀਏ ਕੇ ਬਾਂਗਰ ਵਿਖੇ ਅਸਲਾ ਐਕਟ ਦੀਆਂ ਧਰਾਵਾਂ 25-54-59 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਦਾ ਸਾਥੀ ਹੈ ਤੇ ਜੱਗੂ ਨਾਲ ਰਲ ਕੇ ਫਿਰੌਤੀਆਂ ਇਕੱਠੀਆਂ ਕਰਨ ਦਾ ਕੰਮ ਕਰਦਾ ਸੀ। ਆਈ.ਜੀ. ਪਰਮਾਰ ਨੇ ਕਿਹਾ ਦੋਸ਼ੀਆਂ ਕੋਲੋਂ ਹੋਰ ਪੁੱਛ-ਗਿੱਛ ਕੀਤੀ ਜਾ ਰਹੀ ਹੈ ਤੇ ਕਈ ਹੋਰ ਨਵੀਆਂ ਪਰਤਾਂ ਖੁੱਲ੍ਹਣ ਦੀ ਆਸ ਹੈ।