ਪੜਚੋਲ ਕਰੋ
ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਸਿਹਤ ਨਾਜ਼ੁਕ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਸਿਹਤ ਕਾਫੀ ਨਾਜ਼ੁਕ ਹੋ ਗਈ ਹੈ। ਦਰਅਸਲ, ਬਾਦਲ ਵਾਇਰਲ ਤੋਂ ਪੀੜਤ ਸਨ ਪਰ ਹੁਣ ਉਨ੍ਹਾਂ ਦੀ ਸਿਹਤ ਖ਼ੂਨ ਦਾ ਦਬਾਅ (ਬਲੱਡ ਪ੍ਰੈਸ਼ਰ) ਅਤੇ ਸ਼ੂਗਰ ਪੱਧਰ ਡਿੱਗਣ ਕਾਰਨ ਹੋਰ ਖ਼ਰਾਬ ਹੋ ਗਈ ਹੈ। ਬਾਦਲ ਦੀ ਸਿਹਤ ਵਿੱਚ ਗੜਬੜੀ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਚਿੰਤਾ ਜ਼ਾਹਰ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਜਾਂਚ ਕਰ ਰਹੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਉਨ੍ਹਾਂ ਦਾ ਨਾਂਅ ਆਉਣ ਤੋਂ ਬਾਅਦ ਬਾਦਲ ਦੇ ਮਨ ਨੂੰ ਡੂੰਘੀ ਸੱਟ ਵੱਜੀ ਹੈ। ਲੀਕ ਹੋਈ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਤਤਕਾਲੀ ਮੁੱਖ ਮੰਤਰੀ ਨੂੰ ਕੋਟਕਪੂਰਾ ਵਿੱਚ 14 ਅਕਤੂਬਰ 2015 ਨੂੰ ਹੋਈ ਪੁਲਿਸ ਕਾਰਵਾਈ ਬਾਰੇ ਜਾਣਕਾਰੀ ਸੀ। ਹੁਣ ਡਾਕਟਰਾਂ ਦੀ ਟੀਮ ਹਰ ਵੇਲੇ ਬਾਦਲ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਹੈ। ਆਪਣੀ ਖ਼ਰਾਬ ਸਿਹਤ ਕਰ ਕੇ ਹੀ ਸਾਬਕਾ ਮੁੱਖ ਮੰਤਰੀ ਨੇ ਰੁਝੇਵੇਂ ਘੱਟ ਕਰ ਦਿੱਤੇ ਹਨ ਤੇ ਜ਼ਿਆਦਾ ਸਮਾਂ ਆਰਾਮ ਹੀ ਕਰਦੇ ਹਨ। ਖ਼ਰਾਬ ਸਿਹਤ ਕਾਰਨ ਹੀ ਬਾਦਲ ਸ਼ੁੱਕਰਵਾਰ ਨੂੰ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦਾ ਹਿੱਸਾ ਵੀ ਨਹੀਂ ਸੀ ਬਣੇ ਅਤੇ ਸੈਸ਼ਨ ਦੇ ਬਾਕੀ ਬਚੇ ਦੋ ਦਿਨਾਂ ਦੌਰਾਨ ਵੀ ਉਨ੍ਹਾਂ ਦੇ ਹਾਜ਼ਰ ਹੋਣ ਦੀ ਉਮੀਦ ਘੱਟ ਹੀ ਹੈ। ਇਸ ਤੋਂ ਪਹਿਲਾਂ ਬਾਦਲ ਨੇ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਵਿੱਚ ਕੁਝ ਹੀ ਮਿੰਟ ਸ਼ਿਰਕਤ ਕੀਤੀ ਸੀ ਅਤੇ ਖ਼ਰਾਬ ਸਿਹਤ ਕਾਰਨ ਹੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀਆਂ ਅੰਤਮ ਰਸਮਾਂ ਵਿੱਚ ਸ਼ਾਮਲ ਨਹੀਂ ਸਨ ਹੋਏ। ਬੇਸ਼ੱਕ ਪਾਰਟੀ ਦਾ ਸਾਰਾ ਕੰਮਕਾਰ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਅਤੇ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਪਰ ਸੀਨੀਅਰ ਅਕਾਲੀ ਲੀਡਰਾਂ ਮੁਤਾਬਕ ਇਸ ਸਮੇਂ ਪਾਰਟੀ ਨੂੰ ਪਰਕਾਸ਼ ਸਿੰਘ ਬਾਦਲ ਦੀ ਸਖ਼ਤ ਲੋੜ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ




















