ਫਰੀਦਕੋਟ 'ਚ ਸੜੇ ਬਜ਼ੁਰਗਾਂ ਬਾਰੇ ਵੱਡਾ ਖੁਲਾਸਾ, ਹਾਦਸਾ ਨਹੀਂ ਕਤਲ ਸੀ
ਇਸ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। ਦਰਅਸਲ ਫਰੀਦਕੋਟ ਪੁਲਿਸ ਨੇ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕਰਕੇ ਬਜ਼ੁਰਗ ਜੋੜੇ ਦੇ ਘਰ ਨੂੰ ਅੱਗ ਲੱਗਣ ਤੇ ਉਸ ਵਿੱਚ ਸੜ ਕੇ ਬਜ਼ੁਰਗ ਜੋੜੇ ਦੇ ਮਾਰੇ ਜਾਣ ਦੇ ਮਾਮਲੇ ਨੂੰ ਕਤਲ ਤੇ ਲੁੱਟ ਖੋਹ ਦਾ ਮਾਮਲਾ ਕਰਾਰ ਦਿੱਤਾ ਹੈ।
ਫਰੀਦਕੋਟ: ਬੀਤੇ ਦਿਨੀਂ ਫਰੀਦਕੋਟ ਦੀ ਟੀਚਰ ਕਲੋਨੀ ਵਿੱਚ ਇੱਕ ਬਜ਼ੁਰਗ ਜੋੜੇ ਦੇ ਘਰ ਨੂੰ ਅੱਗ ਲੱਗ ਗਈ ਸੀ ਜਿਸ ਨਾਲ ਦੋਵੇਂ ਜਿਊਂਦੇ ਸੜ ਗਏ ਸੀ। ਇਸ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। ਦਰਅਸਲ ਫਰੀਦਕੋਟ ਪੁਲਿਸ ਨੇ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕਰਕੇ ਬਜ਼ੁਰਗ ਜੋੜੇ ਦੇ ਘਰ ਨੂੰ ਅੱਗ ਲੱਗਣ ਤੇ ਉਸ ਵਿੱਚ ਸੜ ਕੇ ਬਜ਼ੁਰਗ ਜੋੜੇ ਦੇ ਮਾਰੇ ਜਾਣ ਦੇ ਮਾਮਲੇ ਨੂੰ ਕਤਲ ਤੇ ਲੁੱਟ ਖੋਹ ਦਾ ਮਾਮਲਾ ਕਰਾਰ ਦਿੱਤਾ ਹੈ।
ਪੁਲਿਸ ਨੇ ਘਰ ਵਿੱਚੋਂ ਲੁੱਟੇ ਗਏ ਕਰੀਬ 60 ਹਜ਼ਾਰ ਰੁਪਏ ਵਿੱਚੋਂ 10 ਹਜ਼ਾਰ ਰੁਪਏ, ਲੁੱਟ ਦੇ ਪੈਸੇ ਨਾਲ ਖਰੀਦੇ ਫਰਿੱਜ ਤੇ ਕੂਲਰ ਸਮੇਤ ਬਜ਼ੁਰਗ ਜੋੜੇ ਦਾ ਮੋਬਾਈਲ ਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਐਸਐਸਪੀ ਫਰੀਦਕੋਟ ਰਾਜ ਬਚਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਟੀਚਰ ਕਲੋਨੀ ਵਿੱਚ ਰਹਿਣ ਵਾਲੇ ਬਜ਼ੁਰਗ ਜੋੜੇ ਮਾਸਟਰ ਸੁਰਜੀਤ ਸਿੰਘ ਤੇ ਉਨ੍ਹਾਂ ਦੀ ਪਤਨੀ ਬਲਦੇਵ ਕੌਰ ਦੀ ਘਰ ਵਿਚ ਲੱਗੀ ਅੱਗ ਕਾਰਨ ਸੜ ਕੇ ਮੌਤ ਹੋ ਗਈ ਸੀ।
ਇਸ ਦੀ ਜਾਂਚ ਵਿਚ ਜੁੜੀਆ ਕੜੀਆ ਤੇ ਫੌਰੈਂਸਕ ਜਾਂਚ ਟੀਮ ਵੱਲੋਂ ਦਿੱਤੇ ਸੁਝਾਅ 'ਤੇ ਕੰਮ ਕਰਦਿਆ ਥਾਣਾ ਸਿਟੀ ਦੇ ਮੁਖੀ ਐਸਆਈ ਰਾਜਬੀਰ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਇਸ ਮਾਮਲੇ ਨੂੰ ਮਹਿਜ਼ 48 ਘੰਟਿਆਂ ਵਿੱਚ ਸੁਲਝਾ ਲਿਆ। ਇਸ ਮਾਮਲੇ ਵਿੱਚ ਜੋ ਤੱਥ ਸਾਹਮਣੇ ਆਏ, ਉਸ ਮੁਤਾਬਕ ਬਜ਼ੁਰਗ ਜੋੜੇ ਦੇ ਘਰ ਦੋ ਵਿਅਕਤੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਆਏ ਸੀ, ਪਰ ਉਨ੍ਹਾਂ ਬਜ਼ੁਰਗ ਜੋੜੇ ਦਾ ਕਤਲ ਕਰ ਦਿੱਤਾ। ਘਰ ਵਿੱਚੋਂ ਕਰੀਬ 60 ਹਜ਼ਾਰ ਰੁਪਏ ਨਕਦ, ਇੱਕ ਮੋਬਾਈਲ ਤੇ 2 ਤੋਲੇ ਸੋਨਾ ਲੁੱਟ ਕੇ ਘਰ ਨੂੰ ਅੱਗ ਲਾ ਦਿੱਤੀ ਤਾਂ ਜੋ ਇਹ ਮਹਿਜ਼ ਹਾਦਸਾ ਲੱਗੇ। ਉਨ੍ਹਾਂ ਕਿਹਾ ਕਿ ਫੜ੍ਹੇ ਗਏ ਦੋ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।