ਫਰੀਦਕੋਟ: ਪੁਲਿਸ ਹਿਰਾਸਤ ਵਿੱਚ ਨੌਜਵਾਨ ਜਸਪਾਲ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਮੁੱਖ ਮੁਲਜ਼ਮ ਰਣਧੀਰ ਸਿੰਘ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇੱਥੋਂ ਅਦਾਲਤ ਨੇ ਰਣਧੀਰ ਸਿੰਘ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੈਂਬਰ ਤੇ ਡੀਐਸਪੀ ਫ਼ਰੀਦਕੋਟ ਜਸਤਿੰਦਰ ਸਿੰਘ ਨੇ ਦੱਸਿਆ ਸੀ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਪੁਲਿਸ ਕਰਮਚਾਰੀਆਂ ਸਮੇਤ ਕੁੱਲ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਖ ਮੁਲਜ਼ਮ ਰਣਧੀਰ ਦੀ ਪਤਨੀ ਪਰਵਿੰਦਰ ਕੌਰ ਪਹਿਲਾਂ ਤੋਂ ਹੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ।
ਦੱਸ ਦੇਈਏ ਬੀਤੀ 18 ਮਈ ਨੂੰ ਪੁਲਿਸ ਹਿਰਾਸਤ ਵਿੱਚ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਦੇ ਪਰਿਵਾਰ ਨੇ ਕੱਲ੍ਹ ਧਰਨਾ ਖ਼ਤਮ ਕਰ ਦਿੱਤਾ ਹੈ। ਭਾਵੇਂ ਪਰਿਵਾਰ ਨੇ ਇਹ ਫੈਸਲਾ ਲਿਆ ਹੈ ਪਰ ਜਸਪਾਲ ਦੀ ਲਾਸ਼ ਹਾਲੇ ਤਕ ਨਹੀਂ ਮਿਲ ਸਕੀ। ਪ੍ਰਸ਼ਾਸਨ ਨੇ ਜਸਪਾਲ ਦੇ ਪਰਿਵਾਰ ਨੂੰ ਪੰਜ ਲੱਖ ਦੀ ਮਾਲੀ ਮਦਦ ਤੇ ਨੌਕਰੀ ਦੇਣ ਦਾ ਭਰੋਸਾ ਵੀ ਦਿੱਤਾ ਹੈ।
ਜਸਪਾਲ ਲਈ ਇਨਸਾਫ ਦੀ ਮੰਗ ਲਈ ਐਕਸ਼ਨ ਕਮੇਟੀ ਬਣੀ ਸੀ ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਹਿੱਸਾ ਲਿਆ ਸੀ। ਹਾਲਾਂਕਿ, ਐਕਸ਼ਨ ਕਮੇਟੀ ਨੇ ਪਰਿਵਾਰ ਦੇ ਸਮਝੌਤਾ ਕਰਨ ਵਾਲੇ ਫੈਸਲੇ ਤੋਂ ਖ਼ੁਦ ਨੂੰ ਵੱਖ ਕਰਦਿਆਂ ਕਿਹਾ ਕਿ ਅਸੀਂ ਪਰਿਵਾਰ ਦੇ ਨਾਲ ਹਾਂ ਪਰ ਇਸ ਸਮਝੌਤਾ ਕਰਨ ਦਾ ਫੈਸਲਾ ਪਰਿਵਾਰ ਦਾ ਆਪਣਾ ਹੈ। ਜਸਪਾਲ ਦੀ ਮੌਤ ਦੇ ਮਾਮਲੇ ਦੀ ਪੜਤਾਲ ਲਈ ਵਿਸ਼ੇਸ਼ ਜਾਂਚ ਟੀਮ ਵੀ ਬਣਾਈ ਸੀ।