ਫਰੀਦਕੋਟ: ਜ਼ਿਲ੍ਹੇ ਦੇ ਹਲਕਾ ਕੋਟਕਪੂਰਾ ਦੇ ਪਿੰਡ ਵਾੜਾਦਰਾਕਾ ਤੋਂ ਦਿਲ ਨੂੰ ਝੰਜੋੜਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਇੱਕ ਕਲਯੁਗੀ ਪੁੱਤ ਨੇ ਆਪਣੇ ਹੀ ਪਿਤਾ ਦਾ ਕਤਲ ਕਰ ਕੇ ਖ਼ੁਦ ਲਾਸ਼ ਪੱਖੇ ਨਾਲ ਲਟਕਾ ਦਿੱਤੀ ਤੇ ਪਿਉ ਦੇ ਕਤਲ ਦਾ ਡਰਾਮਾ ਕੀਤਾ। ਬਾਅਦ ਵਿੱਚ ਸੰਸਕਾਰ ਵੀ ਕਰ ਦਿੱਤਾ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਮ੍ਰਿਤਕ ਸਿਕੰਦਰ ਸਿੰਘ ਦਾ ਕਤਲ ਹੋਇਆ ਸੀ। ਇਸ ਪਿੱਛੋਂ ਪੁਲਿਸ ਨੇ ਜਾਂਚ ਕਰਦਿਆਂ ਮ੍ਰਿਤਕ ਸਿਕੰਦਰ ਸਿੰਘ ਦੇ ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੂਰਾ ਮਾਮਲਾ
ਹਾਸਲ ਜਾਣਕਾਰੀ ਮੁਤਾਬਕ ਲਖਵਿੰਦਰ ਸਿੰਘ ਨੇ ਆਪਣੇ ਪਿਤਾ ਸਿਕੰਦਰ ਸਿੰਘ ਦੇ ਗਲ ਵਿੱਚ ਸਾਫ਼ਾ ਪਾ ਉਸ ਦਾ ਕਤਲ ਕਰ ਦਿੱਤਾ ਤੇ ਲਾਸ਼ ਦਾ ਸਸਕਾਰ ਕਰ ਅਸਥੀਆਂ ਜਲ ਪਰਵਾਹ ਕਰ ਦਿੱਤੀਆ। ਇਸ ਮਾਮਲੇ ਵਿੱਚ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਤੇ ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਮੁਕੱਦਮਾ ਦਰਜ ਕਰ ਲਖਵਿੰਦਰ ਸਿੰਘ ਲੱਖੀ ਨੂੰ ਕਾਬੂ ਕਰ ਲਿਆ। ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਮ੍ਰਿਤਕ ਸਿਕੰਦਰ ਸਿੰਘ ਨੇ ਆਪਣੀ ਧੀ ਨੂੰ ਬਹਾਰ ਭੇਜਣ ਲਈ 17 ਲੱਖ ਰੁਪਏ ਦੇਣੇ ਸੀ। ਇਸ ਕਰਕੇ ਪੁੱਤਰ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ।

ਇਸ ਮੌਕੇ ਡੀਐਸਪੀ ਕੋਟਕਪੂਰਾ ਬਲਕਾਰ ਸਿੰਘ ਸੰਧੂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਲਖਵਿੰਦਰ ਸਿੰਘ ਪੁੱਤ ਸਿਕੰਦਰ ਸਿੰਘ ਵਾਸੀ ਪਿੰਡ ਵਾੜਾਦਰਾਕਾ ਨੇ ਆਪਣੇ ਪਿਤਾ ਸਿਕੰਦਰ ਸਿੰਘ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਤੇ ਲਾਸ਼ ਪੱਖੇ ਨਾਲ ਟੰਗ ਦਿੱਤੀ। ਲਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਪੁੱਛਗਿੱਛ ਕੀਤੀ ਗਈ। ਉਸ ਨੇ ਦੱਸਿਆ ਕਿ ਕਤਲ ਕਰਨ ਦੀ ਵਜ੍ਹਾ ਮ੍ਰਿਤਕ ਸਿਕੰਦਰ ਸਿੰਘ ਦਾ ਆਪਣੀ ਧੀ ਅਮਨਦੀਪ ਕੋਰ ਨੂੰ ਵਿਦੇਸ਼ ਭੇਜਣ ਲਈ 17 ਲੱਖ ਰੁਪਏ ਦੇਣਾ ਸੀ। ਲਖਵਿੰਦਰ ਇਸ ਦਾ ਵਿਰੋਧ ਕਰਦਾ ਸੀ।