ਅਸ਼ਰਫ ਢੁੱਡੀ
ਮੁਕਤਸਰ: ਗਿੱਦੜਬਾਹਾ ਦੇ ਨੇੜਲੇ ਪਿੰਡ ਰੂਖਾਲਾ ਦੇ ਕਿਸਾਨ ਦੀ ਧੀ ਵਿੰਨਰਜੀਤ ਕੌਰ ਕੈਨੇਡਾ ਦੀ ਪੀ ਆਰ ਛੱਡ ਦਿੱਲੀ ਵਿੱਚ ਜੱਜ ਬਣੀ ਹੈ।ਕੋਰਟ ਦੇਖਣ ਦੀ ਜ਼ਿੱਦ ਅਤੇ ਤਮੰਨਾ ਨੇ ਗਿੱਦੜਬਾਹਾ ਦੇ ਨੇੜਲੇ ਪਿੰਡ ਰੂਖਾਲਾ ਦੀ ਵਿੰਨਰਜੀਤ ਕੌਰ ਨੂੰ ਜੱਜ ਬਣਾ ਦਿੱਤਾ।ਵਿੰਨਰਜੀਤ ਕੌਰ ਨੇ ਦਿੱਲੀ ਜਿਊਡਿਸ਼ਿਅਲ ਦੀ ਪ੍ਰੀਖਿਆ ਪਾਸ ਕੀਤੀ ਹੈ।

ਜੱਜ ਬਨਣ ਦੇ ਬਾਅਦ ਆਪਣੇ ਪਿੰਡ ਰੂਖਾਲਾ ਪਹੁੰਚੀ ਵਿੰਨਰਜੀਤ ਕੌਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਬਚਪਨ ਤੋਂ ਹੀ ਉਸਨੂੰ ਕੋਰਟ ਦੇਖਣ ਅਤੇ ਉਸ ਵਿੱਚ ਚਲਦੇ ਪ੍ਰੋਸੀਜਰ ਨੂੰ ਦੇਖਣ ਦੀ ਚਾਅ ਰਹਿੰਦੀ ਸੀ ਅਤੇ ਉਹ ਅਕਸਰ ਆਪਣੇ ਪਿਤਾ ਨਾਲ ਕਚਹਿਰੀ ਦੇਖਣ ਲਈ ਜ਼ਿੱਦ ਕਰਦੀ ਰਹਿੰਦੀ ਸੀ ਪਰ ਉਸਦੇ ਪਿਤਾ ਉਸਨੂੰ ਹਮੇਸ਼ਾ ਇਹੀ ਕਿਹਾ ਕਰਦੇ ਸੀ ਕਿ ਭਗਵਾਨ ਕਿਸੇ ਨੂੰ ਵੀ ਕੋਰਟ, ਕਚਹਿਰੀ ਅਤੇ ਡਾਕਟਰ ਦੇ ਕੋਲ ਨਾ ਭੇਜੇ ।

ਵਿੰਨਰਜੀਤ ਕੌਰ ਨੇ ਦੱਸਿਆ ਕਿ ਹੁਣ ਉਸਦਾ ਕੋਰਟ ਦੇਖਣ ਦਾ ਸੁਫ਼ਨਾ ਸੱਚ ਹੋ ਗਿਆ ਹੈ। ਵਿੰਨਰਜੀਤ ਕੌਰ ਨੇ ਆਪਣੀ ਮੁਢਲੀ ਸਿੱਖਿਆ ਸ਼ਿਮਲਾ ਅਤੇ ਹਿਸਾਰ ਤੋਂ ਪ੍ਰਾਪਤ ਕੀਤੀ ।ਉਸਨੇ 2008 ਵਿੱਚ ਡੀਏਵੀ ਸਕੂਲ ਚੰਡੀਗੜ ਵਿੱਚ 12 ਵੀਂ ਜਮਾਤ 'ਚ ਇਤਿਹਾਸ ਵਿੱਚ ਟਾਪ ਕੀਤਾ ਸੀ।ਇਸਦੇ ਬਆਦ ਵਿੰਨਰਜੀਤ ਕੌਰ ਨੇ ਬੀਏ ਏਮਸੀਏਮ ਮੇਹਰਚੰਦ ਮਹਾਜਨ ਕਾਲਜ ਚੰਡੀਗੜ ਤੋਂ 2011 ਵਿੱਚ ਪਾਸ ਕੀਤੀ ।

ਵਿੰਨਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਵਾਰ ਅਸਫਲ ਰਹਿਣ ਦੇ ਬਾਅਦ ਹਾਰ ਨਹੀਂ ਮਨੀਂ ਅਤੇ ਆਖਰ ਤੀਜੀ ਵਾਰ ਵਿੱਚ ਕਾਮਯਾਬੀ ਹਾਸਿਲ ਕੀਤੀ।ਉਹ ਦਿਨ ਵਿੱਚ 14-15 ਘੰਟੇ ਪੜ੍ਹਾਈ ਕਰਦੀ ਸੀ। ਵਿੰਨਰਜੀਤ ਕੌਰ ਦਾ ਪਰਿਵਾਰ ਕੈਨੇਡਾ ਵਿੱਚ ਸੈਟਲ ਹੈ। ਵਿੰਨਰਜੀਤ ਨੇ ਦੱਸਿਆ ਉਸਦੇ ਮਾਤਾ-ਪਿਤਾ ਦੇ ਇਲਾਵਾ ਉਸਦੀ ਭਰਜਾਈ ਸਤਬੀਰ ਕੌਰ ਨੇ ਉਸਦੀ ਪੜ੍ਹਾਈ ਵਿੱਚ ਬਹੁਤ ਮਦਦ ਕੀਤੀ ਅਤੇ ਅੱਜ ਉਨ੍ਹਾਂ ਦੀ ਵਜ੍ਹਾ ਨਾਲ ਹੀ ਉਹ ਇਸ ਮੁਕਾਮ ਤੱਕ ਪਹੁੰਚ ਸਕੀ ਹੈ।