ਫ਼ਿਰੋਜ਼ਪੁਰ: ਆਪਣੇ ਜ਼ਿਲ੍ਹੇ ਵਿੱਚ ਹਰਿਆਲੀ ਵਧਾਉਣ ਲਈ ਇੱਥੋਂ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਵੱਖਰੇ ਹੁਕਮ ਦਿੱਤੇ ਹਨ। ਡੀਸੀ ਨੇ ਜ਼ਿਲ੍ਹੇ ਵਿੱਚ ਅਸਲਾ ਲਾਈਸੰਸ ਲਈ ਬਿਨੈ ਕਰਨ ਵਾਲੇ ਹਰ ਵਿਅਕਤੀ ਲਈ 10 ਪੌਦੇ ਲਾਉਣਾ ਲਾਜ਼ਮੀ ਕਰ ਦਿੱਤਾ ਹੈ। ਬੂਟੇ ਲਾਉਂਦੇ ਹੋਏ ਦੀ ਤਸਵੀਰ ਵੀ ਨਾਲ ਦਸਤਾਵੇਜ਼ਾਂ ਨਾਲ ਨੱਥੀ ਕਰਨੀ ਹੋਵੇਗੀ, ਤਾਂ ਹੀ ਉਸ ਦੀ ਫਾਈਲ ਅੱਗੇ ਵਧੇਗੀ।

10 ਬੂਟੇ ਲਾਉਣ ਦੇ ਨਾਲ-ਨਾਲ ਸੈਲਫੀ ਵੀ ਖਿੱਚਣੀ ਹੋਵੇਗੀ ਤੇ ਇੱਕ ਮਹੀਨੇ ਮਗਰੋਂ ਫਿਰ ਤੋਂ ਤਸਵੀਰਾਂ ਲੈਣੀਆਂ ਹੋਣਗੀਆਂ ਤਾਂ ਜੋ ਪਤਾ ਲੱਗ ਸਕੇ ਕਿ ਬੂਟਾ ਵਧ ਵੀ ਰਿਹਾ ਹੈ ਕਿ ਨਾ। ਇਨ੍ਹਾਂ ਤਸਵੀਰਾਂ ਨੂੰ ਅਸਲਾ ਲਾਈਸੰਸ ਦਾ ਇਛੁੱਕ ਆਪਣੇ ਦਸਤਾਵੇਜ਼ਾਂ ਨਾਲ ਨੱਥੀ ਕਰੇਗਾ। ਤਸਵੀਰਾਂ ਨੂੰ ਜਾਂਚ ਪਰਖ ਕੇ ਹੀ ਲਾਈਸੰਸ ਜਾਰੀ ਹੋਵੇਗਾ।

ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ 20,000 ਤੋਂ ਵੱਧ ਅਸਲਾ ਧਾਰਕ ਹਨ ਤੇ ਹਰ ਮਹੀਨੇ ਘੱਟੋ-ਘੱਟ 100 ਜਣੇ ਹਥਿਆਰ ਰੱਖਣ ਲਈ ਲਾਈਸੰਸ ਬਣਵਾਉਣ ਆਉਂਦੇ ਹਨ। ਜੇਕਰ ਡੀਸੀ ਦੀ ਸਕੀਮ ਕੰਮ ਕਰਦੀ ਹੈ ਤਾਂ ਹਰ ਮਹੀਨੇ 1,000 ਤੋਂ ਵੀ ਵੱਧ ਬੂਟੇ ਲਾਏ ਜਾ ਸਕਦੇ ਹਨ। ਇੰਨਾ ਹੀ ਨਹੀਂ ਜਿਨ੍ਹਾਂ ਬਿਨੈਕਾਰਾਂ ਕੋਲ ਬੂਟੇ ਲਾਉਣ ਲਈ ਜ਼ਮੀਨ ਨਹੀਂ ਹੈ, ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਸਰਕਾਰੀ ਥਾਂ ਮੁਹੱਈਆ ਕਰਵਾ ਕੇ ਉੱਥੇ ਬੂਟੇ ਲਗਵਾਏਗਾ।

ਹਾਲਾਂਕਿ, ਪ੍ਰਸ਼ਾਸਨ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਨੂੰ ਜਾਨ ਦਾ ਖ਼ਤਰਾ ਹੈ ਉਹ ਲਾਈਸੰਸ ਤਾਂ ਬਣਵਾ ਸਕਦੇ ਹਨ, ਪਰ ਗਾਰੰਟੀ ਦੇਣੀ ਪਵੇਗੀ ਕਿ ਉਹ ਲਾਈਸੰਸ ਬਣਵਾ ਕੇ ਬੂਟੇ ਲਾਉਣਗੇ।